ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੱਛਮੀ ਜਾਵਾ ਸੂਬੇ 'ਚ ਸੋਨੇ ਦੀ ਇੱਕ ਗ਼ੈਰ-ਕਾਨੂੰਨੀ ਖਾਨ 'ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਹੁਣ ਤੱਕ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਤੋਂ ਇੱਕ ਦਿਨ ਤੋਂ ਵੱਧ ਸਮੇਂ ਬਾਅਦ ਬੁੱਧਵਾਰ ਨੂੰ ਰੈਸਕਿਊ ਟੀਮਾਂ ਨੇ 3 ਕਾਮਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦਕਿ 23 ਹੋਰ ਕਾਮਿਆਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬੋਗੋਰ ਜ਼ਿਲ੍ਹੇ ਦੇ ਪਹਾੜੀ ਇਲਾਕੇ 'ਚ ਸਥਿਤ ਕਰੀਬ 100 ਮੀਟਰ ਡੂੰਘੀ ਇਸ ਖਾਨ ਦੇ ਸੁਰੰਗ ਵਰਗੇ ਹਿੱਸੇ 'ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਸਿਚਰੇਹ ਨਦੀ ਦਾ ਪਾਣੀ ਵੜ ਗਿਆ ਸੀ, ਜਿਸ ਕਾਰਨ ਕਈ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਵੀ ਮੌਕਾ ਨਹੀਂ ਮਿਲਿਆ।
ਪੱਛਮੀ ਜਾਵਾ ਪੁਲਸ ਦੇ ਬੁਲਾਰੇ ਹੇਂਦਰਾ ਰੋਚਮਾਵਨ ਅਨੁਸਾਰ, ਖਾਨ 'ਚ ਪਾਣੀ ਭਰਨ ਤੋਂ ਪਹਿਲਾਂ 11 ਮਜ਼ਦੂਰ ਸੁਰੱਖਿਅਤ ਬਾਹਰ ਨਿਕਲ ਆਏ ਸਨ। ਸ਼ੁਰੂ 'ਚ ਸਥਾਨਕ ਲੋਕਾਂ ਤੇ ਕਾਮਿਆਂ ਨੇ ਪੰਪਾਂ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਜ਼ਿਆਦਾ ਹੋਣ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਗ਼ੈਰ-ਕਾਨੂੰਨੀ ਕੰਮ ਹੋਣ ਕਾਰਨ ਕਿਸੇ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਨਾ ਨਹੀਂ ਦਿੱਤੀ ਅਤੇ ਪੁਲਸ ਨੂੰ ਘਟਨਾ ਦੇ ਕਰੀਬ 16 ਘੰਟਿਆਂ ਬਾਅਦ ਇਸ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ- ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ
ਜਕਾਰਤਾ ਸਰਚ ਤੇ ਰੈਸਕਿਊ ਏਜੰਸੀ ਦੀ ਚੀਫ਼ ਦੇਸੀਆਨਾ ਕਾਰਤਿਕਾ ਬਹਾਰੀ ਨੇ ਦੱਸਿਆ ਕਿ ਖਾਨ ਦੇ ਅੰਦਰ ਪਾਣੀ ਹਾਲੇ ਵੀ ਘੱਟ ਨਹੀਂ ਹੋਇਆ ਹੈ, ਤੰਗ ਰਸਤੇ, ਡੂੰਘਾਈ ਤੇ ਘੱਟ ਰੌਸ਼ਨੀ ਕਾਰਨ ਰੈਸਕਿਊ ਟੀਮਾਂ ਨੂੰ ਕਾਫ਼ੀ ਸਾਵਧਾਨੀ ਨਾਲ ਕੰਮ ਕਰਨਾ ਪੈ ਰਿਹਾ ਹੈ। 3 ਮਜ਼ਦੂਰਾਂ ਦੀਆਂ ਲਾਸ਼ਾਂ 30 ਤੋਂ 40 ਮੀਟਰ ਦੀ ਡੂੰਘਾਈ ਤੋਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ, ਜਦਕਿ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਗ਼ੈਰ-ਕਾਨੂੰਨੀ ਖਾਨਾਂ 'ਚ ਲੱਗੇ ਮਜ਼ਦੂਰਾਂ ਨੂੰ ਹੜ੍ਹ, ਲੈਂਡਸਲਾਈਡ, ਸੁਰੰਗਾਂ ਡਿੱਗਣ ਅਤੇ ਪਾਰੇ ਤੇ ਸਾਇਨਾਈਡ ਵਰਗੇ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ 'ਚ ਆਉਣ ਵਰਗੇ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉੱਥੇ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ 'ਤੇ ਮਾਮਲਾ ਦਰਜ
NEXT STORY