ਵਾਸ਼ਿੰਗਟਨ (ਰਾਜ ਗੋਗਨਾ): ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਪਾਕਿਸਤਾਨ ਗਏ ਸਿੱਖਸ ਆਫ ਅਮੈਰਿਕਾ ਦੇ ਵਫ਼ਦ ਦੇ ਸਨਮਾਨ ਵਿਚ ਇਸਲਾਮਾਬਾਦ ਕਲੱਬ ਵਲੋਂ ਇਕ ਵੱਡਾ ਸਮਾਗਮ ਕਰਵਾਇਆ ਗਿਆ। ਇਸ ਵਫਦ ਵਿਚ ਜਸਦੀਪ ਸਿੰਘ ਜੱਸੀ ਤੋਂ ਇਲਾਵਾ ਸਾਜਿਦ ਤਰਾਰ, ਬਲਜਿੰਦਰ ਸਿੰਘ ਸ਼ੰਮੀ, ਹਰੀ ਰਾਜ ਸਿੰਘ, ਪ੍ਰਿਤਪਾਲ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ ਹਰਜੀਤ ਚੰਢੋਕ, ਦਵਿੰਦਰ ਸਿੰਘ ਭਾਟੀਆ ਪ੍ਰਧਾਨ ਸਿੰਘ ਸਭਾ ਗੁਰਦੁਆਰਾ, ਮਨਜੀਤ ਭਾਟੀਆ ਰਿੰਕੂ, ਪੁਨੀਤ ਭਾਟੀਆ ਅਤੇ ਸੰਦੀਪ ਸਿੰਘ ਨੋਨੀ ਸ਼ਾਮਿਲ ਸਨ।
ਇਸ ਸਮਾਗਮ ਵਿਚ ਪੁਰਤਗਾਲ ਅੰਬੈਸੀ ਦੇ ਅੰਬੈਸਡਰ ਪਾਊਲੋ ਪੋਚੀਨੋ, ਬੈਲਜੀਅਮ ਅੰਬੈਸੀ ਦੇ ਅੰਬੈਸਡਰ ਫਿਲਪੀ ਬਰੌਂਚੇਨ, ਯੂਕ੍ਰੇਨ ਅੰਬੈਸੀ ਦੇ ਡਿਪਟੀ ਅੰਬੈਸਡਰ ਮਿਸਟਰ ਵਿਟਾਲੀ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਦੇ ਡਿਪਲੋਮੈਟ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪਾਕਿਸਤਾਨ ਦੇ ਸਿਆਸੀ ਰਣਨੀਤੀਕਾਰ ਅਤੇ ਵਿਸ਼ਲੇਸ਼ਕ ਕਮਰ ਚੀਮਾ ਵਲੋਂ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਵਫਦ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਜਸਦੀਪ ਸਿੰਘ ਜੱਸੀ ਨੂੰ ਮੰਚ ’ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ। ਸ੍ਰ. ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰਿਕਾ ਨੇ ਕਿਹਾ ਕਿ ਜੋ ਪਿਆਰ ਉਨਾਂ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਮਿਲ ਰਿਹਾ ਹੈ ਉਹ ਉਹਨਾਂ ਲਈ ਇਕ ਕੀਮਤੀ ਸਰਮਾਏ ਦੀ ਤਰ੍ਹਾਂ ਹੈ। ਉਨਾਂ ਕਿਹਾ ਕਿ ਜਿੱਥੇ ਅੱਜ ਸਿੱਖ ਭਾਈਚਾਰਾ ਇੱਥੇ ਪਹੁੰਚਿਆ ਹੈ ਉੱਥੇ ਮੁਸਲਿਮ ਭਾਈਚਾਰੇ ਵਲੋਂ ਵੀ ਸਤਿਕਾਰ ਮਿਲਣ ’ਤੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਪ੍ਰਵਾਸੀਆਂ ਦੀਆਂ ਉਪਲਬਧੀਆਂ ਨੇ ਭਾਰਤ-ਅਮਰੀਕਾ ਸਬੰਧ ਕੀਤੇ ਮਜ਼ਬੂਤ : ਸੰਧੂ
ਉਹਨਾਂ ਕਿਹਾ ਕਿ ਸਿੱਖਸ ਆਫ ਅਮੈਰਿਕਾ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਇਆ ਜਾਵੇ ਤੇ ਅੱਜ ਦਾ ਸਮਾਗਮ ਦੇਖ ਕੇ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਚੁੱਕਾ ਹੈ। ਉਹਨਾਂ ਇਸ ਸਨਮਾਨ ਸਮਾਰੋਹ ਦੇ ਅਯੋਜਨ ਲਈ ਇਸਲਾਮਾਬਾਦ ਕਲੱਬ ਦੀ ਮੈਨੇਜਮੈਂਟ ਦਾ ਸਿੱਖਸ ਆਫ ਅਮੈਰਿਕਾ ਵਲੋਂ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਾਜਿਦ ਤਰਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਪਾਕਿਸਤਾਨੀ ਭਾਈਚਾਰੇ ’ਤੇ ਮਾਣ ਹੈ ਕਿ ਉਹ ਮਹਿਮਾਨਾਂ ਨੂੰ ਪਲਕਾਂ ’ਤੇ ਬਿਠਾਉਂਦੇ ਹਨ। ਅੱਜ ਦੇ ਇਸ ਸਮਾਗਮ ਦੀਆਂ ਗੱਲਾਂ ਦੇਰ ਤੱਕ ਪਾਕਿਸਤਾਨ ਹੀ ਨਹੀਂ ਅਮਰੀਕਾ ਵਿਚ ਵੀ ਹੋਣਗੀਆਂ। ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਨੇ ਜਸਦੀਪ ਸਿੰਘ ਜੱਸੀ ਸਮੇਤ ਵਫਦ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਭਾਰਤੀ ਪ੍ਰਵਾਸੀਆਂ ਦੀਆਂ ਉਪਲਬਧੀਆਂ ਨੇ ਭਾਰਤ-ਅਮਰੀਕਾ ਸਬੰਧ ਕੀਤੇ ਮਜ਼ਬੂਤ : ਸੰਧੂ
NEXT STORY