ਆਕਲੈਂਡ- ਹਰ ਨਵੇਂ ਸਾਲ ਦੇ ਮੌਕੇ ਮਾਣਯੋਗ ਗਵਰਨਰ ਜਨਰਲ ਨਿਊਜ਼ੀਲੈਂਡ ਵੱਲੋਂ ਵੱਖ-ਵੱਖ ਸੇਵਾਵਾਂ ਲਈ ਸਨਮਾਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਅੱਜ ਨਵੇਂ ਸਾਲ 2026 ਦੀ ਆਮਦ ਮੌਕੇ ‘ਨਿਊ ਯੀਅਰ ਆਨਰਜ਼ ਲਿਸਟ’ ਜਾਰੀ ਕੀਤੀ ਗਈ। ਇਸ ਮਾਣ-ਸਨਮਾਨ ਵਿਚ ‘ਕਿੰਗ’ਜ਼ ਸਰਵਿਸ ਮੈਡਲ’ (KSM) ਦੀ ਸੂਚੀ ਵੀ ਸ਼ਾਮਲ ਹੁੰਦੀ ਹੈ। ਇਹ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ, ਦੇਸ਼ ਜਾਂ ਵਿਸ਼ਵ ਪੱਧਰ ’ਤੇ ਅਸਾਧਾਰਨ ਸੇਵਾਵਾਂ, ਪ੍ਰਾਪਤੀਆਂ ਅਤੇ ਯੋਗਦਾਨ ਪਾਏ ਹਨ। ਇਹ ਸੂਚੀ ਸਿਰਫ਼ ਪ੍ਰਸਿੱਧ ਸ਼ਖਸੀਅਤਾਂ ਲਈ ਨਹੀਂ, ਸਗੋਂ ਉਨ੍ਹਾਂ ਅਣਥੱਕ ਕਾਮਿਆਂ ਲਈ ਵੀ ਹੈ ਜੋ ਚੁੱਪ-ਚਾਪ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ।
ਇਸ ਨਵੇਂ ਸਾਲ ਦੀ ਸੂਚੀ ਅੱਜ ਤੜਕੇ 5 ਵਜੇ ਜਾਰੀ ਕੀਤੀ ਗਈ। ਇਸ ਸੂਚੀ ਦੇ ਵਿਚ ਕੁਝ ਭਾਰਤੀਆਂ ਦੀ ਵੀ ‘ਕਿੰਗ’ਜ਼ ਸਰਵਿਸ ਮੈਡਲ’ ਦੀ ਚੋਣ ਕੀਤੀ ਗਈ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਸ ਵਾਰ ਪੰਜਾਬੀ ਮੀਡੀਆ ਕਰਮੀ ਹਰਜਿੰਦਰ ਸਿੰਘ ਬਸਿਆਲਾ, ਜੋ ਕਿ ਨਿਊਜ਼ੀਲੈਂਡ ਦੀ ਪਹਿਲੀ ਆਨਲਾਈਨ ਪੰਜਾਬੀ ਸਮਾਚਾਰ ਵੈਬਸਾਈਟ ‘ਪੰਜਾਬੀ ਹੈਰਲਡ’ ਦੇ ਸੰਪਾਦਕ ਹੋਣ ਦੇ ਨਾਲ-ਨਾਲ ਜਸਟਿਸ ਆਫ ਦਾ ਪੀਸ ਅਤੇ ਮੈਰਿਜ ਸੈਲੀਬ੍ਰਾਂਟ ਵੀ ਹਨ, ਨੂੰ ਇਸ ਸਨਮਾਨ ਸੂਚੀ ਦੇ ਵਿਚ ਸ਼ਾਮਿਲ ਕੀਤਾ ਗਿਆ ਹੈ। ਹਰਜਿੰਦਰ ਸਿੰਘ ਬਸਿਆਲਾ ਨੇ ਇਸ ਐਵਾਰਡ ਨੂੰ ਸਮੁੱਚੇ ਪੰਜਾਬੀ ਮੀਡੀਆ ਕਰਮੀਆਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਆਪਣਾ ਨਾਂ ਨਾਮਜ਼ਦ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਐਵਾਰਡ/ਮੈਡਲ ਦੀ ਸਿਫਾਰਸ਼ ਕੀਤੀ।
ਪ੍ਰਧਾਨ ਮੰਤਰੀ ਵੱਲੋਂ ਵਧਾਈ ਪੱਤਰ
ਇਸ ਮੌਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਲਕਸਨ ਨੇ ਵੀ ਹਰਜਿੰਦਰ ਸਿੰਘ ਬਸਿਆਲਾ ਨੂੰ ‘ਕਿੰਗ’ਜ਼ ਸਰਵਿਸ ਮੈਡਲ’ ਦੇ ਲਈ ਚੁਣੇ ਜਾਣ 'ਤੇ ਵਧਾਈ ਪੱਤਰ ਭੇਜਿਆ ਹੈ।
ਕੀ ਹੈ ਆਨਰਜ਼ ਲਿਸਟ ?
ਨਿਊਜ਼ੀਲੈਂਡ ਦੀ ਨਿਊ ਈਅਰ ਆਨਰਜ਼ ਲਿਸਟ ਮੁੱਖ ਤੌਰ ’ਤੇ ਨਿਊਜ਼ੀਲੈਂਡ ਦੇ ਸ਼ਾਹੀ ਸਨਮਾਨ ਪ੍ਰਣਾਲੀ (New Zealand Royal Honours system) ਵਿੱਚੋਂ ਚੁਣੇ ਗਏ ਸਨਮਾਨਾਂ ’ਤੇ ਆਧਾਰਿਤ ਹੁੰਦੀ ਹੈ। ਇਹ ਮੁੱਖ ਤੌਰ ’ਤੇ ਤਿੰਨ ਵੱਡੇ ਆਰਡਰਾਂ ਵਿੱਚ ਵੰਡੀ ਜਾਂਦੀ ਹੈ-
ਨਿਊਜ਼ੀਲੈਂਡ ਕਿੰਗ’ਜ਼ ਸਰਵਿਸ ਮੈਡਲ ਇੱਕ ਸਨਮਾਨ ਹੈ ਜੋ ਭਾਈਚਾਰਕ ਸੇਵਾਵਾਂ ਨੂੰ ਮਾਨਤਾ ਦਿੰਦਾ ਹੈ। ਇਹ ਨਿਊਜ਼ੀਲੈਂਡ ਵਿੱਚ ਇੱਕ ਬਹੁਤ ਹੀ ਸਤਿਕਾਰਯੋਗ ਸਨਮਾਨ ਹੈ, ਜੋ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਭਾਈਚਾਰੇ ਲਈ ਸਵੈ-ਇੱਛਤ ਸੇਵਾਵਾਂ ਜਾਂ ਜਨਤਕ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ। ਇਹ ਮੈਡਲ ਨਿਊਜ਼ੀਲੈਂਡ ਦੇ ਸਨਮਾਨ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਹੈ ਅਤੇ ਨਿਊਜ਼ੀਲੈਂਡ ਵਾਸੀਆਂ ਦੇ ਅਣਥੱਕ ਯਤਨਾਂ ਅਤੇ ਸਮਰਪਣ ਨੂੰ ਮਾਨਤਾ ਦਿੰਦਾ ਹੈ।
ਕਦੋਂ ਹੋਈ ਸ਼ੁਰੂਆਤ ?
ਨਿਊਜ਼ੀਲੈਂਡ ਕਿੰਗਜ਼ ਸਰਵਿਸ ਮੈਡਲ, ਜਿਸ ਨੂੰ ਪਹਿਲਾਂ ਕੁਈਨ'ਜ਼ ਸਰਵਿਸ ਮੈਡਲ (Queen’s Service Medal - QSM) ਕਿਹਾ ਜਾਂਦਾ ਸੀ, ਦੀ ਸਥਾਪਨਾ 13 ਮਾਰਚ 1975 ਨੂੰ ਮਹਾਰਾਣੀ ਐਲਿਜ਼ਾਬੈਥ-2 ਦੁਆਰਾ ਕੀਤੀ ਗਈ ਸੀ। ਇਹ ਬ੍ਰਿਟਿਸ਼ ਸਨਮਾਨ ਪ੍ਰਣਾਲੀ ਦੇ ਇੱਕ ਮੁੜ ਮੁਲਾਂਕਣ ਤੋਂ ਬਾਅਦ ਹੋਂਦ ਵਿੱਚ ਆਇਆ, ਜਿਸ ਵਿੱਚ ਨਿਊਜ਼ੀਲੈਂਡ ਲਈ ਆਪਣੇ ਵਿਲੱਖਣ ਸਨਮਾਨਾਂ ਦੀ ਲੋੜ ਮਹਿਸੂਸ ਕੀਤੀ ਗਈ। 3 ਮਈ 2024 ਨੂੰ ਕਿੰਗ ਚਾਰਲਸ-3 ਦੇ ਸਿੰਘਾਸਣ ’ਤੇ ਬੈਠਣ ਤੋਂ ਬਾਅਦ, ਇਸ ਦਾ ਨਾਮ ਬਦਲ ਕੇ ‘ਕਿੰਗਜ਼ ਸਰਵਿਸ ਮੈਡਲ’ ਕਰ ਦਿੱਤਾ ਗਿਆ। ਹਾਲਾਂਕਿ, ਜਿਨ੍ਹਾਂ ਨੂੰ ਪਹਿਲਾਂ ਕੁਈਨ'ਜ਼ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ, ਉਹ ਕਿਊਨ’ਜ਼ ਸਰਵਿਸ ਮੈਡਲ (QSM) ਸ਼ਬਦ ਦੀ ਵਰਤੋਂ ਕਰਨਾ ਜਾਰੀ ਰੱਖਣਗੇ, ਜਦੋਂ ਕਿ ਜੂਨ 2024 ਤੋਂ ਬਾਅਦ ਪ੍ਰਾਪਤ ਕਰਨ ਵਾਲੇ ਕਿੰਗ’ਜ਼ ਸਰਵਿਸ ਮੈਡਲ (KSM) ਦੀ ਵਰਤੋਂ ਕਰਨਗੇ।
ਕਿਉਂ ਦਿੱਤਾ ਜਾਂਦਾ ਹੈ ਇਹ ਸਨਮਾਨ ?
ਇਹ ਮੈਡਲ ਮੁੱਖ ਤੌਰ ’ਤੇ ਦੋ ਖੇਤਰਾਂ ਵਿੱਚ ਕੀਤੇ ਗਏ ਵਡਮੁੱਲੇ ਯੋਗਦਾਨਾਂ ਲਈ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਦੀ ਭਲਾਈ ਲਈ ਨਿਸਵਾਰਥ ਭਾਵਨਾ ਨਾਲ ਸਵੈ-ਇੱਛਤ ਕੰਮ ਕੀਤਾ ਹੈ। ਇਸ ਵਿੱਚ ਸਮਾਜਿਕ ਕੰਮ, ਚੈਰਿਟੀ ਸੰਸਥਾਵਾਂ ਵਿੱਚ ਯੋਗਦਾਨ, ਸਥਾਨਕ ਕਲੱਬਾਂ ਜਾਂ ਸਮੂਹਾਂ ਦੀ ਅਗਵਾਈ ਜਾਂ ਹੋਰ ਕਿਸੇ ਵੀ ਰੂਪ ਵਿੱਚ ਭਾਈਚਾਰੇ ਦੀ ਸਹਾਇਤਾ ਸ਼ਾਮਲ ਹੋ ਸਕਦੀ ਹੈ।
ਕੌਣ ਹਨ ਹਰਜਿੰਦਰ ਸਿੰਘ ਬਸਿਆਲਾ ?
ਹਰਜਿੰਦਰ ਸਿੰਘ, ਜਿਨ੍ਹਾਂ ਨੂੰ ਹਰਜਿੰਦਰ ਸਿੰਘ ਬਸਿਆਲਾ ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਪਿਛਲੇ 32 ਸਾਲਾਂ ਤੋਂ ਇੱਕ ਲੇਖਕ, ਕਾਲਮਨਵੀਸ ਅਤੇ ਅਖਬਾਰੀ ਪੱਤਰਕਾਰੀ ਨਾਲ ਜੁੜੇ ਹੋਏ ਹਨ। ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਲਈ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਹ ਸਾਰੀਆਂ ਮਹੱਤਵਪੂਰਨ ਖ਼ਬਰਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਦੇ ਹਨ, ਉਨ੍ਹਾਂ ਦੀ ਰਚਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਨਲਾਈਨ ਅਖਬਾਰ ਵਿੱਚ ਪ੍ਰਕਾਸ਼ਿਤ ਕਰਦੇ ਹਨ। ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਪੰਜਾਬੀ ਬੋਲਣ ਵਾਲੇ ਭਾਈਚਾਰੇ ਨੂੰ ਨਵੇਂ ਕਾਨੂੰਨਾਂ, ਇਮੀਗ੍ਰੇਸ਼ਨ ਤਬਦੀਲੀਆਂ ਅਤੇ ਵੱਖ-ਵੱਖ ਸਰਕਾਰੀ ਘੋਸ਼ਣਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹ ਜਸਟਿਸ ਆਫ ਦਾ ਪੀਸ, ਮੈਰਿਜ ਸੈਲੀਬ੍ਰਾਂਟ ਅਤੇ ਯੂਨੀਟੈਕ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇੱਕ ਯੋਗ ਦੁਭਾਸ਼ੀਏ ਵੀ ਹਨ।
2009 ਵਿੱਚ, ਉਨ੍ਹਾਂ ਨੇ ਇਥੇ ਪਹਿਲੀ ਰੋਜ਼ਾਨਾ ਅੱਪਡੇਟ ਕੀਤੀ ਜਾਣ ਵਾਲੀ ਔਨਲਾਈਨ ਪੰਜਾਬੀ ਭਾਸ਼ਾ ਦੀ ਨਿਊਜ਼ ਵੈੱਬਸਾਈਟ, ‘ਪੰਜਾਬੀ ਹੈਰਲਡ’ ਦੀ ਸ਼ੁਰੂਆਤ ਕੀਤੀ, ਜੋ ਹੁਣ 16ਵੇਂ ਸਾਲ ਵਿਚ ਹੈ। ਇਹ ਪਲੇਟਫਾਰਮ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਲਈ ਖ਼ਬਰਾਂ ਅਤੇ ਜਾਣਕਾਰੀ ਦਾ ਇੱਕ ਵਧੀਆ ਸਰੋਤ ਬਣ ਚੁੱਕਾ ਹੈ, ਜੋ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਅਪ੍ਰੈਲ 2021 ਵਿੱਚ ਅਕਾਲ ਫਾਊਂਡੇਸ਼ਨ ਨਿਊਜ਼ੀਲੈਂਡ ਵੱਲੋਂ ਉਨ੍ਹਾਂ ਨੂੰ ‘ਸਰਵਿਸ ਟੂ ਪੰਜਾਬੀ ਮੀਡੀਆ ਅਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਅਖ਼ਬਾਰੀ ਤਜਰਬਾ 32 ਸਾਲਾਂ ਤੋਂ ਵੱਧ ਦਾ ਹੈ ਤੇ ਉਹ ਪਹਿਲਾਂ ਜਲੰਧਰ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 2011 ਵਿੱਚ ਲੰਡਨ (ਯੂ.ਕੇ.) ਵਿਖੇ ‘ਸਿੱਖਜ਼ ਇਨ ਮੀਡੀਆ’ ਐਵਾਰਡ (ਸਿੱਖ ਪੁਰਸਕਾਰ) ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਪਾਪਾਕੁਰਾ ਪੁਲਸ ਸਲਾਹਕਾਰ ਟੀਮ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ, ਉਨ੍ਹਾਂ ਨੇ ਦੁਨੀਆ ਭਰ ਵਿੱਚ ਇਸ ਸਮਾਗਮ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕੀਤੀ। 5ਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ, ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਅਤੇ ਖੇਡ ਪ੍ਰਬੰਧਕਾਂ ਦੇ ਨਾਲ ਨਿਸ਼ਕਾਮ ਜੁੜੇ ਹੋਏ ਹਨ।
ਹਰਜਿੰਦਰ ਸਿੰਘ ਬਸਿਆਲਾ ਦੇ ਪੰਜਾਬੀ ਭਾਸ਼ਾ ਪ੍ਰਤੀ ਸਮਰਪਣ ਨੇ ਇਕ ਹੋਰ ਮਾਰਕਾ ਮਾਰਿਆ। 2020 ਵਿੱਚ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ‘ਪੰਜਾਬੀ ਭਾਸ਼ਾ ਹਫ਼ਤਾ’ ਸ਼ੁਰੂ ਕਰਨ ਦੀ ਰਿਵਾਇਤ ਸ਼ੁਰੂ ਕੀਤੀ। ਉਨ੍ਹਾਂ ਦੀ ਇਸ ਪਹਿਲਕਦਮੀ ਨੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਇੱਕ ਪੰਜਾਬੀ ਦਾ ਇਤਿਹਾਸ ਵਿਖਾਉਂਦਾ ਮੈਗਜ਼ੀਨ ਵੀ ਤਿਆਰ ਕਰਕੇ ਵੰਡਿਆ ਅਤੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜਨ ਵਿੱਚ ਮਦਦ ਕਰਨ ਲਈ ਪੰਜਾਬੀ ਵਰਣਮਾਲਾ ਸਮੱਗਰੀ ਵੱਖ-ਵੱਖ ਰੂਪਾਂ ਵਿਚ ਪ੍ਰਦਾਨ ਕੀਤੀ। 2021 ਵਿੱਚ ਉਨ੍ਹਾਂ ਨੇ ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਅਤੇ ਉਨ੍ਹਾਂ ਦੀ ਮਾਤ ਭਾਸ਼ਾ ਨੂੰ ਦਰਸਾਉਂਦੀ ਇੱਕ ‘ਪੰਜਾਬੀ ਭਾਸ਼ਾ’ ਡਾਕ ਟਿਕਟ ਜਾਰੀ ਕੀਤੀ।
2017 ਤੋਂ ਉਹ ਜਸਟਿਸ ਆਫ਼ ਦ ਪੀਸ ਵਜੋਂ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਲੋੜ ਪੈਣ ’ਤੇ ਉਹ ਘਰ ਜਾ ਕੇ, ਗੁਰਦੁਆਰਾ ਸਾਹਿਬਾਨਾਂ ਅੰਦਰ ਅਤੇ ਕਈ ਵਾਰ ਹੋਰ ਕੰਮ ਵਾਲੇ ਸਥਾਨਾਂ ਉਤੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਉਹ ਆਕਲੈਂਡ ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਅੱਡੇ 'ਤੇ ਹੈਲਪ ਡੈਸਕ ਉਤੇ ਵੀ ‘ਕਸਟਮਰ ਸਰਵਿਸ ਅੰਬੈਸਡਰ’ ਵਜੋਂ ਵੀ ਸੇਵਾਵਾਂ ਪ੍ਰਦਾਨ ਕਰਦੇ ਹਨ।
ਅਲਵਿਦਾ 2025! ਵਿਦੇਸ਼ ਆਸਾਂ ਲੈ ਕੇ ਗਿਆਂ ਦੇ ਟੁੱਟੇ ਸੁਪਨੇ, ਪੰਜਾਬੀਆਂ ਸਣੇ ਹਜ਼ਾਰਾਂ ਭਾਰਤੀ ਹੋਏ ਡਿਪੋਰਟ
NEXT STORY