ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ ਹੈ। ਹਿੰਦੂ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਕਰਾਉਣ ਅਤੇ ਜ਼ਬਰਦਸਤੀ ਮੁਸਲਿਮ ਵਿਅਕਤੀਆਂ ਨਾਲ ਵਿਆਹ ਕਰਾਏ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸਿੰਧ ਸੂਬੇ ਵਿਚ ਹਿੰਦੂ ਭਾਈਚਾਰੇ ਦੀਆਂ ਤਿੰਨ ਕੁੜੀਆਂ ਦਾ ਹੈ। ਸਿੰਧ ਸੂਬੇ ਦੇ ਟੰਡੋ ਅੱਲ੍ਹਾਯਾਰ ਜ਼ਿਲ੍ਹੇ ਵਿੱਚ ਇੱਕ ਨਹੀਂ ਸਗੋਂ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਾਇਆ ਗਿਆ ਅਤੇ ਫਿਰ ਮੁਸਲਿਮ ਮੁੰਡਿਆਂ ਨਾਲ ਉਨ੍ਹਾਂ ਦਾ ਵਿਆਹ ਕਰਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੁੜੀਆਂ ਨਾਬਾਲਗ ਦੱਸੀਆਂ ਗਈਆਂ ਹਨ। ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧ ਵਿਚ ਐੱਫ.ਆਈ.ਆਰ ਵੀ ਦਰਜ ਕਰਾਈ ਹੈ।
13 ਜੁਲਾਈ ਐਤਵਾਰ ਨੂੰ ਜ਼ਿਲ੍ਹੇ ਦੇ ਸੁਲਤਾਨਾਬਾਦ ਪੁਲਸ ਸਟੇਸ਼ਨ ਵਿੱਚ ਤਿੰਨ ਵੱਖ-ਵੱਖ ਐਫ.ਆਈ.ਆਰ ਦਰਜ ਕਰਾਈਆਂ ਗਈਆਂ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੁੜੀਆਂ ਨੂੰ ਉਸੇ ਥਾਣੇ ਦੇ ਵੱਖ-ਵੱਖ ਇਲਾਕਿਆਂ ਤੋਂ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਮੁਸਲਿਮ ਮੁੰਡਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਪੁਲਸ ਸਟੇਸ਼ਨ ਵਿੱਚ ਦਰਜ ਐਫ.ਆਈ.ਆਰ ਅਨੁਸਾਰ ਤਿੰਨ ਕੁੜੀਆਂ ਖੇਂਚੀ ਕੋਲਹੀ, ਲਤਾ ਮੇਘਵਧ ਅਤੇ ਮੀਨਾ ਮੇਘਵਧ ਨੂੰ ਅਗਵਾ ਕਰਨ ਤੋਂ ਬਾਅਦ, ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਗਿਆ ਅਤੇ ਫਿਰ ਉਸੇ ਦਿਨ ਉਨ੍ਹਾਂ ਦਾ ਵਿਆਹ ਮੁਸਲਿਮ ਮੁੰਡਿਆਂ ਨਾਲ ਕਰ ਦਿੱਤਾ ਗਿਆ।
ਪਾਕਿਸਤਾਨ ਦੇ ਅਖ਼ਬਾਰ 'ਐਕਸਪ੍ਰੈਸ ਟ੍ਰਿਬਿਊਨ' ਦੀ ਇੱਕ ਰਿਪੋਰਟ ਅਨੁਸਾਰ ਪਰਿਵਾਰਕ ਮੈਂਬਰ ਜ਼ਬਰਦਸਤੀ ਧਰਮ ਪਰਿਵਰਤਨ ਦਾ ਵਿਰੋਧ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਅਗਵਾਕਾਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਪੁਲਸ ਕੋਲ ਐਫ.ਆਈ.ਆਰ ਦਰਜ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਹ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਨਹੀਂ ਕਰਨਗੇ। ਪਰ ਫਿਰ ਪੁਲਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਤਿੰਨਾਂ ਕੁੜੀਆਂ ਦੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ, ਉਦੋਂ ਹੀ ਪਰਿਵਾਰਕ ਮੈਂਬਰਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰੀ ਮੀਂਹ ਨੇ ਮਚਾਈ ਤਬਾਹੀ, 9 ਲੋਕਾਂ ਦੀ ਮੌਤ ਤੇ 90 ਤੋਂ ਵੱਧ ਜ਼ਖਮੀ
ਐਫ.ਆਈ.ਆਰ ਵਿੱਚ ਤਨਵੀਰ ਬਰੋਹੀ ਅਤੇ ਕਾਦਿਰ ਬਰੋਹੀ ਨੂੰ ਖੇਂਚੀ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ; ਲਤਾ ਲਈ ਸਈਦ ਅਹਿਮਦ ਖਰਲ, ਅਲੀ ਅਕਬਰ ਪੰਜਾਬੀ ਅਤੇ ਮਸ਼ਾੱਲ੍ਹਾ ਬਰੋਹੀ; ਅਤੇ ਮੀਨਾ ਲਈ ਅਲੀ ਸ਼ੇਰ ਬਰੋਹੀ ਅਤੇ ਅਬਦੁਲ ਸੱਤਾਰ ਬਰੋਹੀ, ਦੋਵੇਂ ਭਰਾ ਨੂੰ ਦੋਸ਼ੀ ਠਹਿਰਾਇਆ ਗਿਆ। ਐਫ.ਆਈ.ਆਰ ਨੰਬਰ 44/2025, 45/2025 ਅਤੇ 46/2025 ਪਾਕਿਸਤਾਨ ਪੀਨਲ ਕੋਡ (ਪੀਪੀਸੀ) ਦੀਆਂ ਧਾਰਾਵਾਂ 365/ਬੀ ਅਤੇ 34 ਦੇ ਤਹਿਤ ਦਰਜ ਕੀਤੀਆਂ ਗਈਆਂ।
ਸਿੰਧ ਹਾਈ ਕੋਰਟ ਵਿੱਚ ਅਗਵਾਕਾਰਾਂ ਨਾਲ ਕੁੜੀਆਂ ਹੋਈਆਂ ਪੇਸ਼
ਇਸ ਦੌਰਾਨ ਮੰਗਲਵਾਰ ਨੂੰ,ਤਿੰਨੋਂ ਕੁੜੀਆਂ ਆਪਣੇ ਅਗਵਾਕਾਰਾਂ ਸਮੇਤ ਸਿੰਧ ਹਾਈ ਕੋਰਟ ਹੈਦਰਾਬਾਦ ਸਰਕਟ ਬੈਂਚ ਦੇ ਸਾਹਮਣੇ ਪੇਸ਼ ਹੋਈਆਂ। ਤਿੰਨਾਂ ਕੁੜੀਆਂ ਨੇ ਅਦਾਲਤ ਸਾਹਮਣੇ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾਇਆ ਹੈ ਅਤੇ ਆਪਣੇ ਕਥਿਤ ਮੁਸਲਿਮ ਪ੍ਰੇਮੀਆਂ ਨਾਲ ਵਿਆਹ ਕੀਤਾ ਹੈ। ਤਿੰਨਾਂ ਕੁੜੀਆਂ ਦੇ ਹਿੰਦੂ ਨਾਮ ਵੀ ਬਦਲ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਨਾਮ ਕਲਸੂਮ (ਖੇਂਚੀ ਕੋਲਹੀ), ਬਿਸਮਾ (ਲਤਾ ਮੇਘਵਧ) ਅਤੇ ਸਮਾਈਮਾ (ਮੀਨਾ ਮੇਘਵਧ) ਰੱਖੇ ਗਏ ਹਨ। ਸਿੰਧ ਅਦਾਲਤ ਨੇ ਤਿੰਨਾਂ ਕੁੜੀਆਂ ਅਤੇ ਉਨ੍ਹਾਂ ਦੇ ਕਥਿਤ ਪਤੀਆਂ ਨੂੰ ਜ਼ਮਾਨਤ ਦੇ ਦਿੱਤੀ। ਸਿੰਧ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਇਕਬਾਲ ਅਹਿਮਦ ਦੇਥੋ ਨੇ ਜ਼ਿਲ੍ਹਾ ਐਸ.ਐਸ.ਪੀ ਨੂੰ ਇੱਕ ਪੱਤਰ ਲਿਖ ਕੇ ਧਰਮ ਪਰਿਵਰਤਨ ਦੇ ਤਿੰਨੋਂ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੌਮਾਂਤਰੀ ਪੰਜਾਬੀ ਕਾਫ਼ਲਾ, ਕਵੀ ਦਰਬਾਰ 'ਚ ਕਵੀਆਂ ਨੇ ਕਰਵਾਈ ਵਾਹ- ਵਾਹ
NEXT STORY