ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਪੰਜਾਬੀ ਸਾਹਿਤ ਦਾ ਹਰਾਵਲ ਦਸਤਾ ਮੰਨੀ ਜਾਣ ਵਾਲੀ ਸਿਰਮੌਰ ਅਦਬੀ ਸੰਸਥਾ ਇਪਸਾ ਵੱਲੋਂ ਆਪਣੇ ਦਸਵੇਂ ਸਾਲ ਦੀ ਵਰ੍ਹੇਗੰਢ ਦੇ ਮੌਕੇ ਮਾਰਚ ਮਹੀਨੇ ਦਾ ਸਾਹਿਤਿਕ ਸਮਾਗਮ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਦੀ ਸਿਮਰਤੀ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਵਿਚ ਉਨ੍ਹਾਂ ਦੇ ਨਿੱਕੇ ਭਰਾ ਉਪਕਾਰ ਸਿੰਘ ਪਾਤਰ ਨੇ ਕੈਨੇਡਾ ਤੋਂ ਖਾਸ ਤੌਰ ‘ਤੇ ਪਹੁੰਚ ਕੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡਾ. ਸੁਰਜੀਤ ਪਾਤਰ ਜੀ ਦਾ ਸਪੁੱਤਰ ਅੰਕੁਰ ਪਾਤਰ ਵੀ ਹਾਜ਼ਰ ਸੀ। ਇਸ ਮੌਕੇ ਕਈ ਨਾਮਵਰ ਸਾਹਿਤਕ ਅਤੇ ਸਮਾਜਿਕ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ। ਸਮਾਗਮ ਦੌਰਾਨ ਡਾ. ਸੁਰਜੀਤ ਪਾਤਰ ਦੀ ਕਵਿਤਾ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਗਾਇਨ ਰਾਹੀਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਇਪਸਾ ਗਰੁੱਪ ਦੇ ਜਾਇੰਟ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਕੀਤੀ।ਪ੍ਰੋਗਰਾਮ ਦੇ ਪਹਿਲੇ ਭਾਗ ਵਿਚ ਪੁਸ਼ਪਿੰਦਰ ਤੂਰ ਨੇ ਅੰਤਰਰਾਸ਼ਟਰੀ ਔਰਤ ਦਿਵਸ ਦੇ ਸੰਦਰਭ ਵਿੱਚ ਔਰਤਾਂ ਦੇ ਹੱਕਾਂ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਰੀਤੀਕਾ ਅਹੀਰ ਨੇ ਵੀ ਔਰਤ ਦਿਵਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕ ਸਮਾਜ ਵਿੱਚ ਔਰਤਾਂ ਦਾ ਸੰਘਰਸ਼ ਸਿਰਫ਼ ਸਮਾਜਿਕ ਹੀ ਨਹੀਂ, ਸਗੋਂ ਕਾਨੂੰਨੀ ਪੱਧਰ ‘ਤੇ ਵੀ ਜਾਰੀ ਹੈ।

ਸ਼ਾਇਰ ਰੁਪਿੰਦਰ ਸੋਜ ਨੇ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ, ਜਦਕਿ ਤੇਜੀ ਭੰਗੂ ਨੇ ਆਪਣੇ ਗੀਤ ਨਾਲ ਸਮਾਗਮ ਨੂੰ ਰੰਗੀਨ ਬਣਾਇਆ। ਲੋਕ-ਧਾਰਾ ਨਾਲ ਜੁੜੀ ਲੇਖਿਕਾ ਗੁਰਮੀਤ ਕੌਰ ਸੰਧਾ ਨੇ ਵੀ ਆਪਣੀ ਕਵਿਤਾ ਪੇਸ਼ ਕਰਕੇ ਸਰੋਤਿਆਂ ਤੋਂ ਖੂਬ ਦਾਦ ਹਾਸਲ ਕੀਤੀ। ਸੁਖਨੈਬ ਭਦੌੜ ਨੇ ਡਾ. ਸੁਰਜੀਤ ਪਾਤਰ ਦੀ ਇੱਕ ਮਸ਼ਹੂਰ ਗ਼ਜ਼ਲ ਗਾ ਕੇ ਉਨ੍ਹਾਂ ਨੂੰ ਸੰਗੀਤਮਈ ਸ਼ਰਧਾਂਜਲੀ ਭੇਟ ਕੀਤੀ। ਪ੍ਰੀਤ ਸਰਗਮ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸਰਬਜੀਤ ਸੋਹੀ ਵੱਲੋਂ ਲੇਖਕ ਨਿਰਮਲ ਦਿਓਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਬਾਰੇ ਚਾਨਣਾ ਪਾਇਆ ਗਿਆ ਅਤੇ ਉਸ ਦੀ ਸਾਹਿਤਕ ਮਹੱਤਤਾ ਬਾਰੇ ਵੀ ਗੱਲ ਕੀਤੀ ਗਈ। ਉਪਕਾਰ ਸਿੰਘ ਪਾਤਰ ਨੇ ਆਪਣੇ ਭਰਾ ਡਾ. ਸੁਰਜੀਤ ਪਾਤਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਇੱਕ ਗ਼ਜ਼ਲ ਵੀ ਗਾਈ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਜਸਕਰਨ ਸ਼ੀਂਹ ਵੱਲੋਂ ਬੜੀ ਸੁਚੱਜੀ ਢੰਗ ਨਾਲ ਨਿਭਾਈ ਗਈ।
ਸਮਾਗਮ ਦੇ ਅੰਤ ਵਿਚ ਸਨਮਾਨ ਦੀਆਂ ਰਸਮਾਂ ਨਿਭਾਈਆਂ ਗਈਆਂ। ਇਪਸਾ ਵੱਲੋਂ ਲੋਕ ਗਾਇਕ ਸੁਖਨੈਬ ਸਿੰਘ ਅਤੇ ਨਾਮਵਰ ਸੰਗੀਤਕਾਰ ਬਲਰਾਜ ਸਿੰਘ ਨੂੰ ਐਵਾਰਡ ਆਫ਼ ਆਨਰ ਨਾਲ ਸਨਮਾਨਤ ਕੀਤਾ ਗਿਆ। ਸ. ਉਪਕਾਰ ਸਿੰਘ ਨੂੰ ਗ਼ਜ਼ਲ ਅਤੇ ਗੁਰਮਤਿ ਗਾਇਨ ਲਈ ਜੀਵਨ ਭਰ ਦੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਐਵਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ ਅਤੇ ਨਿਰਮਲ ਸਿੰਘ ਦਿਓਲ ਦੀ ਪੁਸਤਕ “ਰੰਗਾਂ ਦੀਆਂ ਬਾਤਾਂ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਆਰਟਿਸਟ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ, ਜੁਗਿੰਦਰ ਸਿੰਘ ਖੱਟੜਾ, ਅੰਕੁਰ ਪਾਤਰ, ਗੁਰਵਿੰਦਰ ਸਿੰਘ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਅਤੇ ਨਾਮਵਰ ਚਿਹਰੇ ਮੌਜੂਦ ਸਨ।
ਚੀਨ 'ਚ ਹੁਣ ਗੂੰਜੇਗੀ 'ਪੰਜਾਬੀ'; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ 'ਚ ਪੰਜਾਬੀ ਨੂੰ ਕੀਤਾ ਸ਼ਾਮਲ
NEXT STORY