ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦ ਨਾਲ ਸਬੰਧਤ 5 ਮਾਮਲਿਆਂ ਵਿਚ ਮਿਲੀ ਅਗਾਊਂ ਜ਼ਮਾਨਤ ਦੀ ਮਿਆਦ 27 ਮਾਰਚ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ (70) ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਲਾਹੌਰ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਦੇ ਸਾਹਮਣੇ ਪੇਸ਼ ਹੋਏ। ਇਮਰਾਨ ਨੂੰ ਪਿਛਲੇ ਹਫ਼ਤੇ ਅੱਤਵਾਦ ਦੇ ਇਨ੍ਹਾਂ ਮਾਮਲਿਆਂ 'ਚ 24 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਗਈ ਸੀ। ਇਨ੍ਹਾਂ ਪੰਜਾਂ ਵਿੱਚੋਂ ਇੱਕ ਕੇਸ ਇਸਲਾਮਾਬਾਦ ਵਿੱਚ ਇੱਕ ਨਿਆਂਇਕ ਕੰਪਲੈਕਸ ਉੱਤੇ ਕਥਿਤ ਹਮਲੇ ਨਾਲ ਸਬੰਧਤ ਹੈ।
ਸਰਕਾਰ ਦੇ ਕਾਨੂੰਨ ਅਧਿਕਾਰੀ ਨੇ ਇਮਰਾਨ ਦੀ ਅਗਾਊਂ ਜ਼ਮਾਨਤ ਵਧਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸਲਾਮਾਬਾਦ ਦੀ ਅਦਾਲਤ ਤੋਂ ਜ਼ਮਾਨਤ ਲੈਣੀ ਚਾਹੀਦੀ ਹੈ। ਇਮਰਾਨ ਨੇ ਪਿਛਲੇ ਹਫ਼ਤੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਸੀ ਕਿ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਪੇਸ਼ੀ ਦੌਰਾਨ ਇਸਲਾਮਾਬਾਦ ਪੁਲਸ ਅਤੇ ਫਰੰਟੀਅਰ ਕਾਂਸਟੇਬਲਰੀ ਦੇ ਜਵਾਨਾਂ ਨੇ ਉਨ੍ਹਾਂ ਦੀ ਕਾਰ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਸਨ, ਜਿਸ ਤੋਂ ਬਾਅਦ ਪੀ.ਟੀ.ਆਈ. ਵਰਕਰਾਂ ਅਤੇ ਪੁਲਸ ਕਰਮਚਾਰੀਆਂ ਵਿਚਕਾਰ ਝੜਪਾਂ ਹੋ ਗਈਆਂ ਸਨ।
ਇਮਰਾਨ ਨੇ ਦਾਅਵਾ ਕੀਤਾ ਸੀ ਕਿ ਇਸਲਾਮਾਬਾਦ ਵਿੱਚ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਇਸੇ ਕਾਰਨ ਉਹ ਲਾਹੌਰ ਪਰਤੇ। ਪੀ.ਟੀ.ਆਈ. ਮੁਖੀ ਨੇ ਅਦਾਲਤ ਨੂੰ ਕਿਹਾ, “ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਅਦਾਲਤ ਨੂੰ ਉਸ ਵੀਡੀਓ ਨੂੰ ਦੇਖਣ ਦੀ ਬੇਨਤੀ ਕਰਦਾ ਹਾਂ ਤਾਂ ਜੋ ਇਹ ਜਾਣ ਸਕੇ ਕਿ ਮੈਂ ਨਿਆਂਇਕ ਕੰਪਲੈਕਸ ਦੇ ਬਾਹਰ 40 ਮਿੰਟ ਤੱਕ ਇੰਤਜ਼ਾਰ ਕਰ ਰਿਹਾ ਸੀ, ਕਿਉਂਕਿ ਮੈਂ ਸੱਚ ਬੋਲ ਰਿਹਾ ਹਾਂ।' ਉਨ੍ਹਾਂ ਕਿਹਾ ਕਿ ਉਹ ਕੁੱਲ 140 ਕੇਸਾਂ ਦਾ ਸਾਹਮਣਾ ਕਰ ਰਹੇ ਹੈ, ਜਿਨ੍ਹਾਂ ਵਿੱਚੋਂ 40 ਅੱਤਵਾਦ ਨਾਲ ਸਬੰਧਤ ਸਨ ਅਤੇ ਹਰੇਕ ਕੇਸ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣਾ ਸੰਭਵ ਨਹੀਂ ਸੀ। ਇਮਰਾਨ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸੂਬੇ ਦੀ ਪੁਲਸ ਨੇ ਜ਼ਮਾਨ ਪਾਰਕ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਵਸਤੂਆਂ ਚੋਰੀ ਕਰ ਲਈਆਂ।
ਅਮਰੀਕਾ, ਸਵਿੱਟਜ਼ਰਲੈਂਡ ਦੇ ਬਾਅਦ ਹੁਣ ਜਰਮਨੀ ਦੇ ਬੈਂਕ ਦੀ ਹਾਲਤ ਖ਼ਰਾਬ, ਸ਼ੇਅਰਾਂ 'ਚ ਭਾਰੀ ਗਿਰਾਵਟ
NEXT STORY