ਇੰਟਰਨੈਸ਼ਨਲ ਡੈਸਕ- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਜੇਲ੍ਹ 'ਚ ਮੌਤ ਦੀਆਂ ਅਫ਼ਵਾਹਾਂ ਫੈਲਣ ਮਗਰੋਂ ਪਾਕਿਸਤਾਨ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਨ੍ਹਾਂ ਅਫਵਾਹਾਂ ਕਾਰਨ ਹਜ਼ਾਰਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਵਰਕਰਾਂ ਨੇ ਮੰਗਲਵਾਰ ਦੇਰ ਰਾਤ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਬਾਹਰ ਹਿੰਸਕ ਪ੍ਰਦਰਸ਼ਨ ਕੀਤਾ ਅਤੇ ਜੇਲ੍ਹ 'ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ।
ਇਮਰਾਨ ਖਾਨ ਦੀਆਂ ਤਿੰਨ ਭੈਣਾਂ (ਨੋਰੀਨ ਖਾਨ, ਅਲੀਮਾ ਖਾਨ ਅਤੇ ਉਜ਼ਮਾ ਖਾਨ) ਵੀ ਜੇਲ੍ਹ ਦੇ ਬਾਹਰ ਇਕੱਠੀਆਂ ਹੋਈਆਂ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਭਰਾ ਨੂੰ ਮਿਲਣ ਨਹੀਂ ਦਿੱਤਾ ਗਿਆ ਸੀ। ਪਰਿਵਾਰ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਮਰਾਨ ਖਾਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਭਾਵੇਂ ਕਿ ਇਸਲਾਮਾਬਾਦ ਹਾਈ ਕੋਰਟ ਵੱਲੋਂ ਹਫ਼ਤੇ 'ਚ ਦੋ ਵਾਰ ਮਿਲਣ ਦੇ ਆਦੇਸ਼ ਦਿੱਤੇ ਗਏ ਸਨ। ਇਮਰਾਨ ਖਾਨ ਦੀਆਂ ਭੈਣਾਂ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਨੇ ਮੁਲਾਕਾਤ ਦੀ ਮੰਗ ਕੀਤੀ ਤਾਂ ਪੁਲਸ ਨੇ ਉਨ੍ਹਾਂ 'ਤੇ ਅਤੇ PTI ਵਰਕਰਾਂ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ।
ਹਾਲਾਂਕਿ ਇਮਰਾਨ ਖ਼ਾਨ ਦੀ ਮੌਤ ਦੀਆਂ ਅਫ਼ਵਾਹਾਂ 'ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਰੋਕ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ 'ਬੇਹੱਦ ਆਰਾਮਦਾਇਕ ਸਹੂਲਤਾਂ' ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਨ ਨੂੰ ਮਿਲਣ ਵਾਲਾ ਖਾਣਾ 'ਫਾਈਵ ਸਟਾਰ ਹੋਟਲ ਤੋਂ ਵੀ ਵਧੀਆ' ਹੈ। ਆਸਿਫ਼ ਦੇ ਅਨੁਸਾਰ, ਖਾਨ ਕੋਲ ਟੀ.ਵੀ. ਦੇਖਣ ਲਈ ਪਸੰਦ ਦੇ ਚੈਨਲ, ਕਸਰਤ ਕਰਨ ਵਾਲੀਆਂ ਮਸ਼ੀਨਾਂ, ਇੱਥੋਂ ਤੱਕ ਕਿ ਡਬਲ ਬੈੱਡ ਅਤੇ ਮਖਮਲੀ ਗੱਦਾ ਵੀ ਮੌਜੂਦ ਹੈ।
ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵੀ ਇਮਰਾਨ ਖਾਨ ਬਾਰੇ ਵੱਡਾ ਬਿਆਨ ਦਿੱਤਾ ਹੈ। ਨਵਾਜ਼ ਸ਼ਰੀਫ਼ ਨੇ ਕਿਹਾ ਕਿ ਜਿਨ੍ਹਾਂ ਨੇ ਇਮਰਾਨ ਖਾਨ ਨੂੰ ਸੱਤਾ ਵਿੱਚ ਲਿਆਂਦਾ, ਉਹ ਖੁਦ ਇਮਰਾਨ ਖਾਨ ਨਾਲੋਂ ਵੀ ਵੱਡੇ ਅਪਰਾਧੀ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਇਮਰਾਨ ਖਾਨ ਨੂੰ ਸੱਤਾ ਵਿੱਚ ਲਿਆਏ, ਉਨ੍ਹਾਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਤੋਂ ਲੈ ਕੇ ਅੱਤਵਾਦ ਤੱਕ ਦੇ ਕਈ ਮਾਮਲੇ ਦਰਜ ਹਨ। ਸਾਲ 2018 ਦੀਆਂ ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ PTI ਹੀ 270 ਨੈਸ਼ਨਲ ਅਸੈਂਬਲੀ ਸੀਟਾਂ ਵਿੱਚੋਂ 115 ਜਿੱਤ ਕੇ ਪਾਕਿਸਤਾਨ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਉਭਰੀ ਸੀ। ਚੋਣਾਂ ਤੋਂ ਬਾਅਦ, ਉਸ ਸਮੇਂ ਦੇ PML-N ਨੇਤਾ ਸ਼ਹਿਬਾਜ਼ (ਮੌਜੂਦਾ ਪ੍ਰਧਾਨ ਮੰਤਰੀ) ਨੇ ਵੋਟਾਂ ਵਿੱਚ ਧਾਂਦਲੀ ਦੇ ਦੋਸ਼ ਵੀ ਲਾਏ ਸਨ।
ਰੱਖਿਆ ਮੰਤਰੀ ਦੇ 'ਸਿੰਧ' ਵਾਲੇ ਬਿਆਨ ਮਗਰੋਂ ਪਾਕਿਸਤਾਨ ਨੂੰ ਲੱਗੀਆਂ ਮਿਰਚਾਂ ! ਮੁੜ ਗਾਇਆ ਕਸ਼ਮੀਰ ਦਾ ਰਾਗ
NEXT STORY