ਕਾਠਮੰਡੂ—ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੋਮਵਾਰ ਨੂੰ ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੂੰ ਨੇਪਾਲੀ ਫੌਜ ਦੇ ਜਨਰਲ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਜਨਰਲ ਪਾਂਡੇ ਨੂੰ ਆਪਣੇ ਸਰਕਾਰੀ ਨਿਵਾਸ ‘ਸ਼ੀਤਲ ਨਿਵਾਸ’ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਭਾਰਤੀ ਦੂਤਘਰ ਨੇ ਕਾਠਮੰਡੂ ’ਚ ਇਕ ਬਿਆਨ ਵਿਚ ਕਿਹਾ ਕਿ ਇਕ-ਦੂਜੇ ਦੇ ਫੌਜ ਮੁਖੀਆਂ ਨੂੰ ਆਨਰੇਰੀ ਉਪਾਧੀ ਦੇਣ ਦਾ ਰਿਵਾਜ ਸੱਤ ਦਹਾਕਿਆਂ ਤੋਂ ਚੱਲ ਰਿਹਾ ਹੈ ਅਤੇ ਕਮਾਂਡਰ-ਇਨ-ਚੀਫ ਜਨਰਲ ਕੇ. ਐੱਮ. ਕਰਿਅੱਪਾ 1950 ’ਚ ਇਹ ਖਿਤਾਬ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫ਼ੌਜ ਮੁਖੀ ਸਨ।
ਨੇਪਾਲ ਦੇ ਫੌਜ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਪਿਛਲੇ ਸਾਲ ਨਵੰਬਰ ’ਚ ਨਵੀਂ ਦਿੱਲੀ ਵਿਚ ਤੱਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਫੌਜ ਦੇ ਜਨਰਲ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਜਨਰਲ ਪਾਂਡੇ ਐਤਵਾਰ ਨੂੰ ਇਥੇ ਪੰਜ ਦਿਨਾਂ ਦੇ ਅਧਿਕਾਰਤ ਦੌਰੇ ’ਤੇ ਪਹੁੰਚੇ। ਆਪਣੇ ਇਸ ਦੌਰੇ ਦੌਰਾਨ ਉਹ ਦੇਸ਼ ਦੀ ਚੋਟੀ ਦੀ ਸਿਵਲ ਅਤੇ ਫੌਜੀ ਲੀਡਰਸ਼ਿਪ ਨਾਲ ਵਿਸਤ੍ਰਿਤ ਗੱਲਬਾਤ ਕਰਨਗੇ ਅਤੇ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇਣਗੇ। ਜਨਰਲ ਮਨੋਜ ਪਾਂਡੇ ਨੂੰ ਸੋਮਵਾਰ ਨੂੰ ਆਰਮੀ ਹੈੱਡਕੁਆਰਟਰ ’ਚ ਗਾਰਡ ਆਫ ਆਨਰ ਦਿੱਤਾ ਗਿਆ। ਨੇਪਾਲ ਫੌਜ ਨੇ ਇਕ ਟਵੀਟ ਵਿਚ ਕਿਹਾ, ‘‘ਭਾਰਤ ਦੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਨੇਪਾਲੀ ਫ਼ੌਜ ਦੇ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਵੱਖ-ਵੱਖ ਗ਼ੈਰ-ਘਾਤਕ ਫੌਜੀ ਉਪਕਰਣ ਸੌਂਪੇ।’’
ਜਾਪਾਨ, ਅਮਰੀਕਾ ਤੇ ਫਿਲੀਪੀਨ ਦਰਮਿਆਨ ਹੋ ਸਕਦੈ ਸਮੁੰਦਰੀ ਸੁਰੱਖਿਆ ਸਮਝੌਤਾ
NEXT STORY