ਇੰਟਰਨੈਸ਼ਨਲ ਡੈਸਕ : ਵਿਸ਼ਵ ਭਰ ’ਚ ਅੰਤਰਰਾਸ਼ਟਰੀ ਯੋਗ ਦਿਹਾੜੇ ’ਤੇ ਅਮਰੀਕਾ, ਚੀਨ, ਦੁਬਈ ਸਮੇਤ ਕਈ ਭਾਰਤੀ ਦੂਤਘਰਾਂ ਨੇ ਯੋਗ ਦਿਵਸ ਮਨਾਇਆ। ਇਸ ਵਾਰ ਯੋਗ ਦਿਹਾੜੇ ਦਾ ਵਿਸ਼ਾ ‘ਯੋਗਾ ਫਾਰ ਵੈੱਲਨੈੱਸ’ ਹੈ। ਅਮਰੀਕਾ ਦੇ ਇੰਡੀਅਨ ਹਾਊਸ ਵਿਖੇ 7ਵਾਂ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਉਂਦੇ ਹੋਏ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਯੋਗ ਨਾਲ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਚ ਸੁਧਾਰ ਲਿਆਉਣ ਦੀ ਸਮਰੱਥਾ ਹੈ। ਦੂਤਘਰ ਦੇ ਅਧਿਕਾਰੀਆਂ ਨੇ ਵੀ ‘ਇੰਡੀਅਨ ਹਾਊਸ’ ਵਿਖੇ ਆਯੋਜਿਤ ਇਸ ਪ੍ਰੋਗਰਾਮ ’ਚ ਹਿੱਸਾ ਲਿਆ।
ਇਸ ਮੌਕੇ ਭਾਰਤ ਦੇ ਦੂਤਘਰ ਵਿਖੇ ਰਾਜਦੂਤ ਸੰਧੂ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਜ਼ੋਰ ਦਿੱਤਾ ਕਿ ਯੋਗ ’ਚ, ਖਾਸ ਕਰਕੇ ਵਿਸ਼ਵਵਿਆਪੀ ਮਹਾਮਾਰੀ ਕਾਰਨ ਲੋਕਾਂ ਉੱਤੇ ਪੈ ਰਹੇ ਮਾੜੇ ਪ੍ਰਭਾਵਾਂ ਦੇ ਵਿਚਾਲੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਚ ਸੁਧਾਰ ਲਿਆ ਕੇ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਖੁਸ਼ੀ ਪ੍ਰਦਾਨ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਇਕ-ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਚੁੱਕੇ ਹਨ। ਅਮਰੀਕਾ ’ਚ ਨਿਊਯਾਰਕ, ਸ਼ਿਕਾਗੋ, ਹਿਊਸਟਨ, ਅਟਲਾਂਟਾ ਅਤੇ ਸਾਨ ਫਰਾਂਸਿਸਕੋ ਵਿਚ ਭਾਰਤ ਦੇ ਪੰਜ ਕੌਂਸਲੇਟਸ ਨੇ ਅੰਤਰਰਾਸ਼ਟਰੀ ਯੋਗ ਦਿਹਾੜੇ ’ਤੇ ਸਮਾਗਮਾਂ ਦਾ ਆਯੋਜਨ ਕੀਤਾ।
ਨਿਊਯਾਰਕ ਵਿਚਲੇ ਦੂਤਘਰ ਨੇ ‘ਟਾਈਮਜ਼ ਸਕੁਏਅਰ ਅਲਾਇੰਸ’ ਦੇ ਸਹਿਯੋਗ ਨਾਲ ‘ਟਾਈਮਜ਼ ਸਕੁਏਅਰ’ ਵਿਖੇ ਇਕ ਸਮਾਗਮ ਕਰਵਾਇਆ, ਜਿਸ ’ਚ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਥੇ ਯੋਗ ਦਿਹਾੜਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਕੌਂਸਲ ਜਨਰਲ ਰਣਧੀਰ ਜਾਇਸਵਾਲ ਨੇ ਕਿਹਾ ਕਿ ਹਾਲਾਂਕਿ ਅਸੀਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ’ਚ ਯੋਗ ਦਾ ਜਸ਼ਨ ਮਨਾਉਂਦੇ ਹਾਂ ਪਰ ਇਥੇ ਟਾਈਮਜ਼ ਸਕੁਏਅਰ ’ਚ ਯੋਗ ਦਾ ਜਸ਼ਨ ਮਨਾਉਣਾ ਬਹੁਤ ਹੀ ਖ਼ਾਸ ਤੇ ਵਿਲੱਖਣ ਹੈ। ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਯੋਗ ਇਕ ਵਿਸ਼ਵਵਿਆਪੀ ਸੋਚ ਅਤੇ ਵਿਆਪਕ ਕਿਰਿਆ ਹੈ। ਸਰਵ ਵਿਆਪਕ ਵਿਚਾਰ ਦਾ ਜਸ਼ਨ ਮਨਾਉਣ ਲਈ ਟਾਈਮਜ਼ ਸਕੁਏਅਰ ਤੋਂ ਵਧੀਆ ਜਗ੍ਹਾ ਕਿਹੜੀ ਹੈ ਕਿਉਂਕਿ ਇਹ ਦੁਨੀਆ ਦਾ ਚੌਰਾਹਾ ਹੈ।
ਉਪ ਕੌਂਸਲ ਜਨਰਲ ਸ਼ਤਰੂਘਨ ਸਿਨਹਾ ਅਤੇ ਸੀਨੀਅਰ ਕੌਂਸਲੇਟ ਅਧਿਕਾਰੀਆਂ ਦੇ ਨਾਲ-ਨਾਲ ਭਾਰਤੀ ਪ੍ਰਵਾਸੀਆਂ ਨੇ ਵੀ ਯੋਗ ਸੈਸ਼ਨ ਵਿਚ ਹਿੱਸਾ ਲਿਆ। ਮੋਹਰੀ ਯੋਗ ਇੰਸਟ੍ਰਕਟਰ ਰੁਚਿਕਾ ਲਾਲ ਨੇ ਯੋਗ, ਪ੍ਰਾਣਾਯਾਮ ਅਤੇ ਮੈਡੀਟੇਸ਼ਨ ਸੈਸ਼ਨ ਦੀ ਅਗਵਾਈ ਕੀਤੀ। ਨਿਊਜਰਸੀ ’ਚ ਭਾਰਤੀ ਭਾਈਚਾਰੇ ਨੇ ਲਿਬਰਟੀ ਸਟੇਟ ਪਾਰਕ ’ਚ ਯੋਗ ਦਿਹਾੜਾ ਸਮਾਰੋਹਾਂ ਦੀ ਅਗਵਾਈ ਕੀਤੀ। ਸ਼ਿਕਾਗੋ ’ਚ ਕੌਂਸਲੇਟ ਨੇ ਮਿਡਵੈਸਟ ਖੇਤਰ ਵਿਚ ਯੋਗ ਸੰਗਠਨਾਂ ਦੇ ਸਹਿਯੋਗ ਨਾਲ ਗ੍ਰਾਂਟ ਪਾਰਕ ’ਚ ਯੋਗ ਦਿਹਾੜਾ ਮਨਾਇਆ, ਜਿਥੇ ਪਾਰਕ ’ਚ ਪਹੁੰਚਣ ਤੋਂ ਇਲਾਵਾ ਕੁਝ ਲੋਕਾਂ ਨੇ ਆਨਲਾਈਨ ਵੀ ਇਸ ਪ੍ਰੋਗਰਾਮ ’ਚ ਸ਼ਿਰਕਤ ਕੀਤੀ।
ਚੀਨ ’ਚ ਵੀ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਗਿਆ। ਯੋਗ ਪ੍ਰੇਮੀਆਂ ਨੇ ਚੀਨ ਦੇ ਵੱਖ-ਵੱਖ ਸ਼ਹਿਰਾਂ ’ਚ ਯੋਗ ਦਾ ਅਭਿਆਸ ਕੀਤਾ। ਰਾਜਧਾਨੀ ਬੀਜਿੰਗ ’ਚ ਇੰਡੀਅਨ ਹਾਊਸ ਵਿਖੇ ਇਕੱਤਰ ਹੋਏ ਸੈਂਕੜੇ ਲੋਕਾਂ ’ਚ ਯੋਗ ਪ੍ਰਤੀ ਉਤਸ਼ਾਹ ਵੇਖਣਯੋਗ ਸੀ, ਜਿਸ ’ਚ ਚੀਨੀਆਂ ਅਤੇ ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜਦੂਤ ਵਿਕਰਮ ਮਿਸ਼ਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਅਸੀਂ ਸਭ ਨੇ ਜਿਸ ਗੱਲ ਦਾ ਸਭ ਤੋਂ ਜ਼ਿਆਦਾ ਮਹੱਤਵ ਸਮਝਿਆ, ਉਹ ਹੈ ਸਿਹਤ ਅਤੇ ਤੰਦਰੁਸਤੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੁੱਤੇ ਚੈਂਪ ਦੀ ਮੌਤ
NEXT STORY