ਵਾਸ਼ਿੰਗਟਨ(ਬਿਊਰੋ)—ਭਾਰਤੀ ਮੂਲ ਦੀ ਇਕ 11 ਸਾਲ ਦੀ ਵਿਦਿਆਰਥਣ ਨੇ ਪਾਣੀ ਵਿਚ ਲੈੱਡ ਕੈਮੀਕਲ (ਸੀਸਾ) ਪ੍ਰਦੂਸ਼ਣ ਦਾ ਪਤਾ ਕਰਨ ਲਈ ਸਸਤਾ ਤਰੀਕਾ ਵਿਕਸਿਤ ਕਰ ਕੇ ਅਮਰੀਕਾ ਦਾ 'ਟੌਪ ਯੰਗ ਸਾਇੰਟਿਸਟ' ਅਵਾਰਡ ਜਿੱਤ ਲਿਆ ਹੈ। ਗੀਤਾਂਜਲੀ ਰਾਓ ਨੂੰ ਉਨ੍ਹਾਂ 10 ਭਾਗੀਦਾਰਾਂ ਵਿਚੋਂ ਚੁਣਿਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਵਿਚਾਰ ਨੂੰ ਵਿਕਸਿਤ ਕਰਨ ਲਈ ਚੋਟੀ ਦੇ ਵਿਗਿਆਨੀਆਂ ਨਾਲ 3 ਮਹੀਨੇ ਬਿਤਾਉਣ ਲਈ ਚੁਣਿਆ ਗਿਆ ਸੀ। ਗੀਤਾਂਜਲੀ ਨੇ ਜੋ ਉਪਕਰਨ ਬਣਾਇਆ ਹੈ ਉਹ ਕਾਰਬਨ ਨੈਨੋਟਿਊਬਸ ਜ਼ਰੀਏ ਪਾਣੀ ਵਿਚ ਲੈੱਡ ਦੇ ਹੋਣ ਦਾ ਪਤਾ ਲਗਾਉਂਦਾ ਹੈ।
ਹੁਣ ਤੱਕ ਕਾਫੀ ਮਹਿੰਗੀ ਹੁੰਦੀ ਸੀ ਜਾਂਚ
ਗੀਤਾਂਜਲੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਖੋਜ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਫਲਿੰਟ ਸ਼ਹਿਰ ਵਿਚ ਸਾਲ 2014-15 ਵਿਚ ਹੋਏ ਪਾਣੀ ਪ੍ਰਦੂਸ਼ਣ ਤੋਂ ਪ੍ਰੇਰਿਤ ਹੈ। ਇਸ ਮਾਮਲੇ ਵਿਚ ਅਧਿਕਾਰੀਆਂ ਉੱਤੇ ਆਪਰਾਧਿਕ ਮੁਕੱਦਮਾ ਚੱਲ ਰਿਹਾ ਹੈ, ਜਿਸ ਵਿਚ ਜਾਨ ਲੈਣ ਦੀਆਂ ਧਾਰਾਵਾਂ ਵੀ ਸ਼ਾਮਲ ਹਨ। ਹੁਣ ਤੱਕ ਪਾਣੀ ਵਿਚ ਲੈੱਡ ਦੀ ਜਾਂਚ ਕਾਫ਼ੀ ਮਹਿੰਗੀ ਹੁੰਦੀ ਸੀ ਅਤੇ ਪਾਣੀ ਦੇ ਨਮੂਨਿਆਂ ਨੂੰ ਲੈਬ ਵਿਚ ਭੇਜਣਾ ਪੈਂਦਾ ਸੀ ਪਰ ਗੀਤਾਂਜਲੀ ਨੇ ਜੋ ਉਪਕਰਣ ਬਣਾਇਆ ਹੈ, ਉਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਅਤੇ ਮੋਬਾਇਲ ਐਪ ਨਾਲ ਜੋੜ ਕੇ ਪਾਣੀ ਵਿਚ ਲੈੱਡ ਕੈਮੀਕਲ ਦੇ ਹੋਣ ਦਾ ਤੁਰੰਤ ਪਤਾ ਲਗਾਇਆ ਜਾ ਸਕਦਾ ਹੈ। ਸ਼ੁੱਧ ਪਾਣੀ ਦੀ ਗਰੀਕ ਦੇਵੀ 'ਟੇਥੀਜ' ਦੇ ਨਾਮ ਉੱਤੇ ਇਸ ਉਪਕਰਣ ਦਾ ਨਾਮ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਜ਼ਾਰਾਂ ਪਾਣੀ ਦੇ ਸਰੋਤ ਲੈੱਡ ਕੈਮੀਕਲ ਨਾਲ ਪ੍ਰਦੂਸ਼ਿਤ ਹਨ।
ਗੀਤਾਂਜਲੀ ਨੇ 'ਬਿਜਨੈਸ ਇਨਸਾਈਡਰ' ਨਾਲ ਗੱਲਬਾਤ ਵਿਚ ਕਿਹਾ ਹੈ ਕਿ ਉਹ ਆਪਣੇ ਉਪਕਰਣ ਨੂੰ ਬਿਹਤਰ ਬਣਾਉਣ ਲਈ ਇਸ ਉੱਤੇ ਅੱਗੇ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ਜੇਕਰ ਤੁਸੀਂ ਲੈੱਡ ਪ੍ਰਦੂਸ਼ਿਤ ਪਾਣੀ ਵਿਚ ਨਹਾਉਂਦੇ ਹੋ ਤਾਂ ਤੁਹਾਡੇ ਸ਼ਰੀਰ ਉੱਤੇ ਧੱਬੇ ਪੈ ਜਾਂਦੇ ਹਨ, ਜਿਨ੍ਹਾਂ ਨੂੰ ਚਮੜੀ ਰੋਗ ਮਾਹਰ ਤੁਰੰਤ ਪਛਾਣ ਸਕਦੇ ਹਨ ਅਤੇ ਜੇਕਰ ਕੋਈ ਲੈੱਡ ਪ੍ਰਦੂਸ਼ਿਤ ਪਾਣੀ ਪੀ ਲਏ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੀਤਾਂਜਲੀ ਨੂੰ ਅਵਾਰਡ ਦੇ ਨਾਲ-ਨਾਲ 25 ਹਜ਼ਾਰ ਡਾਲਰ ਭਾਵ 16.22 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।
23 ਸਾਲ ਦਾ ਨੌਜਵਾਨ ਪਹਿਲਾਂ ਬਣਿਆ ਪਿਤਾ ਤੇ ਕੁੱਝ ਹਫਤਿਆਂ ਮਗਰੋਂ ਬਣ ਗਿਆ 'ਨਾਨਾ'
NEXT STORY