ਸਿੰਗਾਪੁਰ- ਸਿੰਗਾਪੁਰ ਵਿਚ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇੱਥੋਂ ਦੀ ਅਦਾਲਤ ਨੇ 9 ਭਾਰਤੀ ਵਿਦਿਆਰਥੀਆਂ ਨੂੰ ਭਾਰੀ ਜੁਰਮਾਨਾ ਲਾਇਆ ਹੈ। ਇਹ ਲੋਕ ਇਕ ਅਪਾਰਟਮੈਂਟ ਵਿਚ ਇਕੱਠੇ ਹੋਏ ਸਨ। ਅਦਾਲਤ ਨੇ ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਕੀਤੀ ਅਤੇ ਭਾਰਤੀ ਵਿਦਿਆਰਥੀਆਂ ਨੂੰ 1,782 ਡਾਲਰ ਤੋਂ 3,208 ਡਾਲਰ ਤੱਕ ਦਾ ਜੁਰਮਾਨਾ ਕੀਤਾ।
ਅਦਾਲਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਲੋਕ 5 ਮਈ ਨੂੰ ਇਕ ਅਪਾਰਟਮੈਂਟ ਵਿਚ ਇਕੱਠੇ ਹੋਏ ਸਨ। ਦਰਅਸਲ, ਦੇਸ਼ ਵਿਚ ਕੋਵਿਡ -19 ਕਾਰਨ ਲਗਾਈਆਂ ਪਾਬੰਦੀਆਂ ਕਾਰਨ ਸੈਲਾਨੀਆਂ ਦਾ ਕਿਸੇ ਦੇ ਘਰ ਜਾਣਾ ਗੈਰ-ਕਾਨੂੰਨੀ ਹੈ। 5 ਮਈ ਨੂੰ ਕਿਮ ਕੀਟ ਸੜਕ 'ਤੇ ਸਥਿਤ ਅਪਾਰਟਮੈਂਟ ਤੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਮਗਰੋਂ ਕਿਸੇ ਨੇ ਪੁਲਸ ਨੂੰ ਇਸ ਦੀ ਖਬਰ ਦਿੱਤੀ। ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੂੰ ਅਪਾਰਟਮੈਂਟ ਵਿੱਚ 17 ਵਿਅਕਤੀ ਮਿਲੇ। ਪੁਲਸ ਨੇ ਇਨ੍ਹਾਂ ਭਾਰਤੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਜੁਰਮਾਨਾ ਲਗਾਉਂਦੇ ਹੋਏ ਜ਼ਿਲ੍ਹਾ ਜੱਜ ਬਾਲਾ ਰੈਡੀ ਨੇ ਕਿਹਾ ਕਿ ਸਿੰਗਾਪੁਰ ਵਿਚ ਲਗਾਈਆਂ ਗਈਆਂ ਪਾਬੰਦੀਆਂ ਅਤੇ ਇਸ ਵਿਚ ਦਿੱਤੀ ਗਈ ਢਿੱਲ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਦੱਸਿਆ ਗਿਆ ਸੀ। ਸਿਹਤ ਮੰਤਰਾਲੇ ਮੁਤਾਬਕ ਸਿੰਗਾਪੁਰ ਵਿੱਚ ਹੁਣ ਤੱਕ ਕੋਵਿਡ -19 ਦੇ 36,922 ਮਾਮਲੇ ਸਾਹਮਣੇ ਆ ਚੁੱਕੇ ਹਨ। ਅਪਾਰਟਮੈਂਟ ਦੇ ਤਿੰਨ ਕਿਰਾਏਦਾਰ ਵਿਦਿਆਰਥੀ, ਨਵਦੀਪ ਸਿੰਘ (20), ਸਜਨਦੀਪ ਸਿੰਘ (21) ਅਤੇ ਅਵਿਨਾਸ਼ ਕੌਰ (27),ਦੇ ਇਲਾਵਾ ਉਨ੍ਹਾਂ ਦੇ ਮਹਿਮਾਨ ਅਰਪਿਤ ਕੁਮਾਰ (27), ਕਰਮਜੀਤ ਸਿੰਘ (20), ਮੁਹੰਮਦ ਇਮਰਾਨ ਪਾਸ਼ਾ (26), ਸ਼ਰਮਾ ਲੂਕੇਸ਼ ( 21), ਵਿਜੇ ਕੁਮਾਰ (20) ਅਤੇ ਵਸੀਮ ਅਕਰਮ (33) ਨੂੰ ਵੀ ਜੁਰਮਾਨਾ ਕੀਤਾ ਗਿਆ ਹੈ।
ਕੋਵਿਡ-19 : ਚੀਨ 'ਚ ਵੁਹਾਨ ਤੋਂ ਬਾਅਦ 1 ਹੋਰ ਸ਼ਹਿਰ 'ਚ ਹੋਵੇਗੀ ਸਾਰੇ ਨਾਗਰਿਕਾਂ ਦੀ ਜਾਂਚ
NEXT STORY