ਵਰਜੀਨੀਆ - ਅਮਰੀਕਾ ਦੇ ਐਟਰਿਕ ਸਥਿਤ ਵਰਜੀਨੀਆ ਸਟੇਟ ਯੂਨੀਵਰਸਿਟੀ ਦੇ ਕੈਂਪਸ ਵਿੱਚ ਸ਼ਨੀਵਾਰ ਤੜਕੇ ਹੋਈ ਅੰਨ੍ਹੇਵਾਹ ਗੋਲੀਬਾਰੀ ਕਾਰਨ ਹੜਕੰਪ ਮਚ ਗਿਆ। ਇਸ ਵਾਰਦਾਤ ਦੌਰਾਨ ਘੱਟੋ-ਘੱਟ ਪੰਜ ਲੋਕ ਜ਼ਖ਼ਮੀ ਹੋ ਗਏ ਹਨ, ਜਿਸ ਤੋਂ ਬਾਅਦ ਤੁਰੰਤ ਯੂਨੀਵਰਸਿਟੀ ਕੈਂਪਸ ਵਿੱਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸ਼ੱਕੀ ਹਮਲਾਵਰਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।
ਇਹ ਘਟਨਾ ਯੂਨੀਵਰਸਿਟੀ ਦੇ 'ਕੁਆਡ ਐਨੇਕਸ' ਇਲਾਕੇ ਦੇ ਨੇੜੇ ਵਾਪਰੀ। ਚੈਸਟਰਫੀਲਡ ਕਾਉਂਟੀ ਪੁਲਸ ਮੁਤਾਬਕ, ਘਟਨਾ ਦੀ ਸੂਚਨਾ ਮਿਲਦਿਆਂ ਹੀ ਜਦੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਹੋਸਟਲ ਦੀਆਂ ਇਮਾਰਤਾਂ ਦੇ ਬਾਹਰ ਪੰਜ ਲੋਕ ਜ਼ਖ਼ਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ।
ਸਾਰੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ, ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਬਾਕੀ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਤੋਂ ਵੱਧ ਸ਼ੱਕੀ ਸ਼ਾਮਲ ਹਨ। ਪ੍ਰਸ਼ਾਸਨ ਨੇ ਵਿਦਿਆਰਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਅਤੇ ਜਾਂਚ ਏਜੰਸੀਆਂ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ। ਮੌਕੇ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਥਾਨਕ ਕਾਉਂਟੀ ਪੁਲਸ ਦੇ ਨਾਲ-ਨਾਲ ਏ.ਟੀ.ਐੱਫ. (ATF) ਅਤੇ ਹੈਨੋਵਰ ਕਾਉਂਟੀ ਸ਼ੈਰਿਫ਼ ਦਫ਼ਤਰ ਦੀਆਂ ਟੀਮਾਂ ਵੀ ਜਾਂਚ ਵਿੱਚ ਸਹਿਯੋਗ ਕਰ ਰਹੀਆਂ ਹਨ।
ਇਹ ਦਰਦਨਾਕ ਘਟਨਾ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਵਾਪਰੀ ਹੈ। ਵਿਦਿਆਰਥੀਆਂ ਲਈ ਹੋਸਟਲ ਪਿਛਲੇ ਹਫ਼ਤੇ ਹੀ ਖੋਲ੍ਹੇ ਗਏ ਸਨ ਅਤੇ ਸੋਮਵਾਰ ਤੋਂ ਨਿਯਮਤ ਕਲਾਸਾਂ ਸ਼ੁਰੂ ਹੋਣ ਵਾਲੀਆਂ ਸਨ। ਇਸ ਵਾਰਦਾਤ ਕਾਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਹ ਯੂਨੀਵਰਸਿਟੀ ਅਮਰੀਕਾ ਦੀ ਰਾਜਧਾਨੀ ਰਿਚਮੰਡ ਤੋਂ ਲਗਭਗ 24 ਮੀਲ ਦੱਖਣ ਵਿੱਚ ਸਥਿਤ ਹੈ, ਜਿੱਥੇ ਲਗਭਗ 5,700 ਵਿਦਿਆਰਥੀ ਪੜ੍ਹਾਈ ਕਰਦੇ ਹਨ।
ਦੁਖਦਾਈ ਖ਼ਬਰ: ਕੈਲੀਫੋਰਨੀਆ 'ਚ ਪੰਜਾਬਣ ਦੀ ਮੌਤ, ਕਾਰ ਚੱਟਾਨ ਤੋਂ ਹੇਠਾਂ ਸਮੁੰਦਰ 'ਚ ਡਿੱਗੀ
NEXT STORY