ਤਹਿਰਾਨ(ਏ.ਐਫ.ਪੀ.)- ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਈਰਾਨ 'ਤੇ ਕੁਦਰਤ ਦੀ ਮਾਰ ਪਈ ਹੈ। ਈਰਾਨ ਵਿਚ ਭਾਰੀ ਮੀਂਹ ਨਾਲ ਆਏ ਹੜ੍ਹ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਵਿਅਕਤੀ ਲਾਪਤਾ ਹੋ ਗਿਆ ਹੈ। ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਪਾਸੇ ਦੇਸ਼ ਕੋਰੋਨਾਵਾਇਰਸ ਨਾਲ ਜੰਗ ਲੜ ਰਿਹਾ ਹੈ ਤੇ ਦੂਜੇ ਪਾਸੇ ਉਸ 'ਤੇ ਕੁਦਰਤ ਦੀ ਮਾਰ ਪਈ ਹੈ।

ਬੁਲਾਰੇ ਮੋਜਤਬਾ ਖਾਲਦੀ ਨੇ ਈਰਾਨ ਦੀ ਆਈ.ਐਸ.ਐਨ.ਏ. ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਕੁਦਰਤੀ ਆਪਦਾ ਕਾਰਨ 22 ਲੋਕ ਜ਼ਖਮੀ ਵੀ ਹੋਏ ਹਨ। ਵਧੇਰੇ ਮੌਤਾਂ ਦੱਖਣੀ ਜਾਂ ਕੇਂਦਰੀ ਸੂਬਿਆਂ ਵਿਚ ਹੋਈਆਂ ਹਨ। ਉਹਨਾਂ ਕਿਹਾ ਕਿ ਫਾਰਸ ਸੂਬੇ ਵਿਚ 11, ਹਾਰਮੋਜ਼ਗਨ ਅਤੇ ਕੁਮ ਵਿਚ 3-3, ਸੀਸਤਾਨ, ਬਲੋਚਿਸਤਾਨ, ਬੁਸ਼ਹਿਰ ਤੇ ਖੁਜ਼ਸਤਾਨ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਖਾਲਦੀ ਨੇ ਕਿਹਾ ਕਿ ਖਾੜੀ ਤੱਟ 'ਤੇ ਹਾਰਮੋਜ਼ਗਨ 'ਚ ਇਕ ਵਿਅਕਤੀ ਅਜੇ ਵੀ ਲਾਪਤਾ ਹੈ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਦੇਸ਼ ਵਿਚ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ ਹੋ ਗਈ ਸੀ ਤੇ ਖਾਲਦੀ ਨੇ ਕਿਹਾ ਕਿ ਦੇਸ਼ ਨੂੰ ਅਜੇ ਭਾਰੀ ਮੀਂਹ ਦੀ ਮਾਰ ਝੱਲਣੀ ਪੈ ਸਕਦੀ ਹੈ। ਈਰਾਨ ਵਿਸ਼ਵ ਦੇ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ, ਜਿਥੇ ਹੁਣ ਤੱਕ 3000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਪੀੜਕਾਂ ਦੀ ਗਿਣਤੀ 47 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ।
ਕੋਰੋਨਾ ਵਾਇਰਸ ਕਾਰਨ ਦਸੂਹਾ ਦੇ ਜੰਮਪਲ ਕਰਨੈਲ ਸਿੰਘ ਦੀ ਨਿਊਯਾਰਕ ਵਿਚ ਮੌਤ
NEXT STORY