ਮੈਲਬੌਰਨ, (ਏਜੰਸੀ)— ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ 'ਚ ਰਹਿਣ ਲਈ ਆਇਰਲੈਂਡ ਤੋਂ ਇਕ 23 ਸਾਲਾ ਕੁੜੀ ਆਈ ਸੀ ਪਰ ਉਸ ਦੀ ਬੇ-ਵਕਤੀ ਮੌਤ ਨੇ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦੁਖੀ ਕਰ ਦਿੱਤਾ ਹੈ। 14 ਜਨਵਰੀ ਨੂੰ ਉਹ ਆਇਰਲੈਂਡ ਛੱਡ ਕੇ ਆਸਟ੍ਰੇਲੀਆ ਆਈ ਸੀ ਅਤੇ ਉਸ ਦੇ ਬਹੁਤ ਸਾਰੇ ਸੁਪਨੇ ਸਨ, ਜੋ ਕਦੇ ਪੂਰੇ ਨਹੀਂ ਹੋਣਗੇ। ਬੀਤੇ ਬੁੱਧਵਾਰ ਨੂੰ ਉਹ ਦੂਜੇ ਦਿਨ ਆਪਣੇ ਕੰਮ 'ਤੇ ਜਾ ਰਹੀ ਸੀ ਕਿ ਉਸ ਨਾਲ ਸੜਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।
23 ਸਾਲਾ ਐਮੀ ਗਿੱਲ ਨਾਂ ਦੀ ਇਸ ਕੁੜੀ ਦੀ ਮੌਤ ਕਾਰ ਹਾਦਸੇ 'ਚ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਮੈਲਬੌਰਨ 'ਚ ਦੋ ਕਾਰਾਂ ਦੀ ਆਪਸ 'ਚ ਟੱਕਰ ਹੋਈ ਅਤੇ ਕਾਰ ਚਲਾ ਰਹੀ ਐਮੀ ਦੀ ਮੌਤ ਹੋ ਗਈ। ਨਿਕੋਲ ਵਿਲੀਅਮਜ਼ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਐਮੀ ਦੀ ਖਾਸ ਦੋਸਤ ਰਹੀ ਹੈ ਅਤੇ ਇਸ ਹਾਦਸੇ ਨੇ ਉਸ ਨੂੰ ਅੰਦਰ ਤਕ ਤੋੜ ਦਿੱਤਾ ਹੈ। ਉਸ ਨੇ ਕਿਹਾ,''ਐਮੀ ਹਮੇਸ਼ਾ ਖੁਸ਼ ਰਹਿੰਦੀ ਸੀ ਅਤੇ ਕਦੇ ਵੀ ਕਿਸੇ ਨਾਲ ਲੜਦੀ ਨਹੀਂ ਸੀ। ਉਹ ਅਜੇ ਕੁੱਝ ਦਿਨ ਪਹਿਲਾਂ ਹੀ ਮੈਲਬੌਰਨ ਆਈ ਸੀ ਅਤੇ ਉਸ ਨੇ ਟਮਾਟਰਾਂ ਦੇ ਫਾਰਮ 'ਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਬੁੱਧਵਾਰ ਨੂੰ ਉਹ ਦੂਜੇ ਦਿਨ ਹੀ ਕੰਮ 'ਤੇ ਗਈ ਸੀ ਪਰ ਰਾਹ 'ਚ ਹੀ ਉਸ ਨਾਲ ਹਾਦਸਾ ਵਾਪਰ ਗਿਆ।
ਐਮੀ ਦੇ ਪਰਿਵਾਰ ਨੇ ਕਿਹਾ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਹਰ ਵੇਲੇ ਹੱਸਣ-ਖੇਡਣ ਵਾਲੀ ਉਨ੍ਹਾਂ ਦੀ ਧੀ ਦੀ ਮੌਤ ਨੂੰ ਉਹ ਕਦੇ ਭੁਲਾ ਨਹੀਂ ਸਕਦੇ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਐਮੀ ਦੀ ਦੇਹ ਨੂੰ ਉਸ ਦੇ ਦੇਸ਼ ਵਾਪਸ ਭੇਜਿਆ ਜਾਵੇ। ਇਸ ਲਈ ਲੋਕ ਉਨ੍ਹਾਂ ਨੂੰ ਵਿੱਤੀ ਮਦਦ ਦੇ ਰਹੇ ਹਨ ਅਤੇ ਪਰਿਵਾਰ ਨੂੰ ਆਸ ਹੈ ਕਿ ਉਨ੍ਹਾਂ ਦੀ ਧੀ ਦੇ ਸਰੀਰ ਨੂੰ ਆਪਣੇ ਦੇਸ਼ ਦੀ ਮਿੱਟੀ ਨਸੀਬ ਹੋ ਜਾਵੇ।
ਆਸਟ੍ਰੇਲੀਆ 'ਚ ਮਿਲੀ ਮਹਾਤਮਾ ਬੁੱਧ ਦੀ 600 ਸਾਲ ਪੁਰਾਣੀ ਮੂਰਤੀ
NEXT STORY