ਚੰਡੀਗੜ੍ਹ (ਮਨਪ੍ਰੀਤ): ਪੰਜਾਬ ’ਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਿਹਾ ਹੈ, ਜਿਸ ਕਾਰਨ ਤਾਪਮਾਨ ’ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਮੁਤਾਬਕ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ’ਚ ਬੀਤੇ ਦਿਨ ਦੇ ਮੁਕਾਬਲੇ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਨਾਲ ਹੁਣ ਸੂਬੇ ਦਾ ਤਾਪਮਾਨ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਦੂਜੇ ਪਾਸੇ ਔਸਤ ਘੱਟੋ-ਘੱਟ ਤਾਪਮਾਨ ’ਚ ਵੀ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਹਾਲਾਂਕਿ ਇਹ ਅਜੇ ਆਮ ਦੇ ਨੇੜੇ ਹੀ ਹੈ। ਆਉਣ ਵਾਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 2 ਤੋਂ 3 ਡਿਗਰੀ ਸੈਲਸੀਅਸ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਗਰਮੀ ਦੇ ਇਸ ਅਚਾਨਕ ਵਾਧੇ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ’ਚ ਗਰਮੀ ਦਾ ਸਭ ਤੋਂ ਵੱਧ ਕਹਿਰ ਬਠਿੰਡਾ ’ਚ ਦੇਖਣ ਨੂੰ ਮਿਲਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸੂਬੇ ਦੇ ਹੋਰ ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਵੀ ਲਗਾਤਾਰ ਵਧ ਰਿਹਾ ਹੈ। ਲੁਧਿਆਣਾ ’ਚ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਟਿਆਲਾ ਤੇ ਫ਼ਰੀਦਕੋਟ ਦੋਵਾਂ ਸ਼ਹਿਰਾਂ ਦਾ ਤਾਪਮਾਨ 39.5 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ’ਚ ਇਹ ਅੰਕੜਾ 38.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਸੂਬੇ ’ਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਖੇ 16.5 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 17 ਅਪ੍ਰੈਲ ਨੂੰ ਪੰਜਾਬ ’ਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਖ਼ਾਸ ਤੌਰ 'ਤੇ 17 ਅਪ੍ਰੈਲ ਲਈ ਗਰਜ ਅਤੇ ਚਮਕ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਤੇਜ਼ ਝੱਖੜ ਤੇ ਸੰਭਾਵੀ ਮੀਂਹ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਨੂੰ ਡੇਗ ਸਕਦਾ ਹੈ, ਜਿਸ ਨਾਲ ਝਾੜ ਤੇ ਦਾਣੇ ਦੀ ਗੁਣਵੱਤਾ 'ਤੇ ਮਾੜਾ ਅਸਰ ਪੈ ਸਕਦਾ ਹੈ। ਵਾਢੀ ਕਰ ਰਹੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੌਸਮ ਨੂੰ ਧਿਆਨ ’ਚ ਰੱਖਦਿਆਂ ਹੀ ਆਪਣੀ ਫ਼ਸਲ ਦੀ ਕਟਾਈ ਅਤੇ ਸੰਭਾਲ ਕਰਨ। ਹਾਲਾਂਕਿ ਇਕ ਰਾਹਤ ਵਾਲੀ ਗੱਲ ਇਹ ਹੈ ਕਿ 18 ਤੋਂ ਲੈ ਕੇ 22 ਅਪ੍ਰੈਲ ਤੱਕ ਮੌਸਮ ਮੁੜ ਪੂਰੀ ਤਰ੍ਹਾਂ ਖ਼ੁਸ਼ਕ ਰਹਿਣ ਦੀ ਉਮੀਦ ਹੈ।
ਕਿਸਾਨਾਂ ਲਈ ਇਹ ਸਮਾਂ ਬਹੁਤ ਹੀ ਨਾਜ਼ੁਕ ਹੈ ਕਿਉਂਕਿ ਕਣਕ ਦੀ ਵਾਢੀ ਜ਼ੋਰਾਂ 'ਤੇ ਚੱਲ ਰਹੀ ਹੈ। ਪਿਛਲੇ ਦਿਨੀਂ ਪਏ ਬੇਮੌਸਮੀ ਮੀਂਹ ਨੇ ਫ਼ਸਲਾਂ ’ਚ ਨਮੀ ਦੀ ਮਾਤਰਾ ਵਧਾ ਦਿੱਤੀ ਸੀ, ਜਿਸ ਨਾਲ ਮੰਡੀਆਂ ’ਚ ਖ਼ਰੀਦ ਵੀ ਪ੍ਰਭਾਵਿਤ ਹੋਈ ਹੈ। ਹੁਣ ਜਦੋਂ ਤਾਪਮਾਨ ਵਧਣ ਨਾਲ ਫ਼ਸਲ ਦੇ ਸੁੱਕਣ ਤੇ ਵਾਢੀ ਦੇ ਕੰਮ ’ਚ ਤੇਜ਼ੀ ਆਉਣ ਦੀ ਉਮੀਦ ਬੱਝੀ ਸੀ ਤਾਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਕ ਤਾਜ਼ਾ ਚੇਤਾਵਨੀ ਨੇ ਕਿਸਾਨਾਂ ਦੇ ਮੱਥੇ 'ਤੇ ਫਿਰ ਤੋਂ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ’ਚ ਕੋਈ ਵੀ ਵੱਡਾ ਬਦਲਾਅ ਕਿਸਾਨਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਰੜ ਪੁਲਸ ‘ਤੇ ਹਮਲਾ ਕਰਨ ਵਾਲੇ 6 ਮੁਲਜ਼ਮ ਗ੍ਰਿਫਤਾਰ, ਹਥਿਆਰ-ਮੋਟਰਸਾਇਕਲ ਤੇ ਸਕਾਰਪਿਓ ਗੱਡੀ ਬਰਾਮਦ
NEXT STORY