ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਦੇ ਕੋਨੇ-ਕੋਨੇ ਵਿਚ ਵੱਸੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੁਕਾਮ ਹਾਸਲ ਕਰ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹਨਾਂ ਵਿਚੋਂ ਇਕ ਅਮਰੀਕਾ ਵਿਚ ਰਹਿ ਰਿਹਾ 32 ਸਾਲਾ ਇਸ਼ਵਿੰਦਰ ਸਿੰਘ ਵੀ ਹੈ, ਜਿਸ ਨੇ ਆਪਣੀ ਮਿਹਨਤ ਸਦਕਾ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਇਸ਼ਵਿੰਦਰ ਪੰਜਾਬ ਤੋਂ ਨਕੋਦਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਗ੍ਰੈਜੂਏਸ਼ਨ ਇਨ ਹੋਸਪਿਟੈਲਿਟੀ ਚੰਡੀਗੜ੍ਹ ਤੋਂ ਕੀਤੀ। ਇਸ਼ਵਿੰਦਰ 2013 ‘ਚ ਵਿਜਟਰ ਵੀਜ਼ਾ 'ਤੇ ਅਮਰੀਕਾ ਆਇਆ ਸੀ ਅਤੇ ਫਿਰ ਇੱਥੇ ਹੀ ਰਹਿਣ ਦਾ ਮਨ ਬਣਾ ਲਿਆ।
ਪਿਛਲੇ ਦਿਨੀਂ ਅਮਰੀਕਾ ਫੇਰੀ 'ਤੇ ਗਏ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਇਸ਼ਵਿੰਦਰ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਸ ਨੇ ਕੁਝ ਸਮਾਂ ਰੈਸਟੋਰੈਂਟ ‘ਚ ਬਤੌਰ ਵੇਟਰ ਕੰਮ ਕੀਤਾ। ਦੋ ਸਾਲ ਮਗਰੋਂ ਫਿਰ ਟਰੱਕ ਚਲਾਉਣ ਦਾ ਲਾਇਸੈਂਸ ਲਿਆ ਅਤੇ ਆਪਣਾ ਟਰੱਕ ਲੈ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਇੱਕ ਤੋਂ ਦੋ ਤੇ ਫਿਰ ਦਸ ਟਰੱਕ ਬਣਾ ਲਏ। ਪਰ ਡੇਢ ਸਾਲ ਬਾਅਦ ਇਸ਼ਵਿੰਦਰ ਨੂੰ ਇਸ ਕੰਮ ਵਿਚ ਲੱਖਾਂ ਡਾਲਰ ਦਾ ਘਾਟਾ ਪੈ ਗਿਆ ਤੇ ਕਿਰਾਇਆ ਨਾ ਦੇਣ ਕਾਰਨ ਮਕਾਨ ਮਾਲਕ ਨੇ ਉਸ ਨੂੰ ਘਰੋਂ ਕੱਢ ਦਿੱਤਾ। ਮਾਲਕ ਦੀ ਕ੍ਰਿਪਾ ਨਾਲ ਹੌਲੀ-ਹੌਲੀ ਕਾਰੋਬਾਰ ਮੁੜ ਲੀਹ 'ਤੇ ਆ ਗਿਆ। ਦਸਾਂ ਤੋਂ 60 ਟਰੱਕ ਖਰੀਦ ਲਏ ਤੇ 2021 ‘ਚ ਉਸ ਨੇ ਗੈਸ ਸਟੇਸ਼ਨ ਵੀ ਲੈ ਲਿਆ। ਜ਼ਿੰਦਗੀ ਦੇ ਟਰਨਿੰਗ ਪੁਆਇੰਟ ਬਾਰੇ ਗੱਲ ਕਰਦਿਆਂ ਇਸ਼ਵਿੰਦਰ ਨੇ ਦੱਸਿਆ ਕਿ ਉਸ ਨੇ ਐਮਾਜੋਨ ਨਾਲ ਕਾਫੀ ਕੰਮ ਕੀਤਾ ਤੇ ਉੱਥੋਂ ਹੀ ਪੈਰ ਲੱਗੇ।
ਪਰਿਵਾਰ ਬਾਰੇ ਗੱਲ ਕਰਦਿਆਂ ਇਸ਼ਵਿੰਦਰ ਨੇ ਦੱਸਿਆ ਕਿ 2016 ‘ਚ ਭਾਨੂੰ ਪ੍ਰਿਯਾ ਅਨੇਜਾ ਨਾਲ ਵਿਆਹ ਹੋਇਆ। ਪ੍ਰਿਯਾ ਪਿਛੋਂ ਹਰਿਆਣਾ ਤੋਂ ਸੰਬੰਧ ਰੱਖਦੀ ਹੈ ਤੇ ਪਿਛਲੇ 14 ਸਾਲ ਤੋਂ ਦੋਹਾਂ ਦਾ ਪਿਆਰ ਸੀ। ਇਸ਼ਵਿੰਦਰ ਮੰਨਦੇ ਹਨ ਕਿ ਵਿਆਹ ਤੋਂ ਬਾਅਦ ਬਿਜਨਸ ਵਧਿਆ। ਫਿਰ ਉਹਨਾਂ ਸਾਰਾ ਪਰਿਵਾਰ ਹੀ ਅਮਰੀਕਾ ਬੁਲਾ ਲਿਆ। ਪਿਤਾ ਡਾ. ਕੁਲਦੀਪ ਸਿੰਘ ਪੰਜਾਬ ‘ਚ ਸੀਨੀਅਰ ਮੈਡੀਕਲ ਅਫਸਰ ਸਨ। ਮਾਤਾ ਕੰਵਲਜੀਤ ਕੌਰ ਵੀ ਉਹਨਾਂ ਨਾਲ ਰਹਿ ਰਹੇ ਹਨ। 2.5 ਸਾਲ ਦਾ ਪੁੱਤਰ ਏਕਮਵੀਰ ਹੈ। ਭੈਣ ਸਿਮਰਪ੍ਰੀਤ ਕੌਰ ਸਾਹਨੀ ਅਤੇ ਜੀਜਾ ਦਵਿੰਦਰ ਸਿੰਘ ਸਾਹਨੀ ਵੀ ਕੈਨੇਡਾ ਤੋਂ ਅਮਰੀਕਾ ਹੀ ਬੁਲਾ ਲਏ। ਇਸ਼ਵਿੰਦਰ ਮੁਤਾਬਕ ਪੰਜਾਬ ‘ਚ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਨੇ ਉਸ ਦਾ ਮਨ ਖੱਟਾ ਕਰ ਦਿੱਤਾ ਸੀ ਅਤੇ ਉਸ ਨੇ ਅਮਰੀਕਾ ਰਹਿਣ ਦਾ ਫ਼ੈਸਲਾ ਲਿਆ। ਇਸ਼ਵਿੰਦਰ ਕਹਿੰਦੇ ਹਨ ਕਿ ਇੱਥੇ ਬਰਾਬਰਤਾ ਹੈ। ਤੁਹਾਡੀ ਆਪਣੀ ਜ਼ਿੰਦਗੀ ਹੈ।
ਇਸ਼ਵਿੰਦਰ ਇੱਥੇ ਕਲਾਕਾਰਾਂ ਦੇ ਸ਼ੋਅ ਵੀ ਸਪਾਂਸਰ ਕਰਦਾ ਹੈ। ਕਮਿਊਨਿਟੀ ਪ੍ਰੋਗਰਾਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਸ ਦੀ IBC ਅਤੇ ਫਰੇਡ ਹਾਲਰ ਨਾਮ ਦੀ ਟਰੱਕ ਕੰਪਨੀ ਹੈ।ਉਹ ਕਾਰਾਂ ਦਾ ਵੀ ਸ਼ੌਕੀਨ ਹੈ।ਇਸ਼ਵਿੰਦਰ ਮੁਤਾਬਕ 1932 ਰਾਲਸ ਰਾਏਸ ਗੱਡੀਆਂ ਪੂਰੇ ਅਮਰੀਕਾ ‘ਚ ਦੋ ਹਨ ਤੇ ਇਕ ਉਸ ਕੋਲ ਹੈ। ਇਸ ਗੱਡੀ ਨੂੰ ਕਈ ਐਵਾਰਡ ਮਿਲ ਚੁੱਕੇ ਹਨ।1963 ਫੋਰਡ ਗਲੈਕਸੀ 500 XL ਗੱਡੀਆਂ ਪੂਰੀ ਦੁਨੀਆ ‘ਚ ਸਿਰਫ ਦਸ ਹਨ, ਜਿਨ੍ਹਾਂ ਵਿਚੋਂ ਇਕ ਇਸ਼ਵਿੰਦਰ ਕੋਲ ਹੈ। 1968 ਕਮੈਰੋ SS ਇੱਕ ਮਸਲ ਕਾਰ ਹੈ ਜੋ ਅਮਰੀਕਾ ‘ਚ ਕਾਫੀ ਪਾਪੂਲਰ ਹੈ ਤੇ ਗੋਰੇ ਇਸਨੂੰ ਪਸੰਦ ਕਰਦੇ ਹਨ। ਇਸ਼ਵਿੰਦਰ ਕੋਲ ਲਾਲ ਰੰਗ ਦੀ ਲੈਂਬਰਗਿਨੀ ਵੀ ਹੈ। ਗੱਡੀਆਂ ਵੇਖ ਕੇ ਗੋਰੇ ਇਸ਼ਵਿੰਦਰ ਦੀ ਤਾਰੀਫ ਕਰਦੇ ਹਨ ਤੇ ਕਾਰ ਨਾਲ ਫੋਟੋਆਂ ਖਿਚਵਾਉਂਦੇ ਹਨ। ਇਸ਼ਵਿੰਦਰ ਮੰਨਦੇ ਹਨ ਕਿ ਇਸ ਨਾਲ ਅਮਰੀਕਾ ’ਚ ਸਰਦਾਰਾਂ ਦਾ ਸਿਰ ਉੱਚਾ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਭਾਵਸ਼ਾਲੀ ਰਿਪਬਲਿਕਨ ਨੇਤਾ ਨੇ ਲਗਾਇਆ ਦੋਸ਼, ਬਾਈਡੇਨ ਪ੍ਰਸ਼ਾਸਨ ਆਰਥਿਕ ਪੱਧਰ 'ਤੇ ਰਿਹਾ ਅਸਫਲ
ਸਾਢੇ 3 ਲੱਖ ਦੀ ਬੈਂਟਲੀ ਮੁਲਸਾਨ ਗੋਲਡ ਕਲਰ ਦੀ ਕਾਰ ਪੂਰੇ ਅਮਰੀਕਾ ‘ਚ ਇੱਕੋ ਹੀ ਹੈ ਜੋ ਇਸ਼ਵਿੰਦਰ ਕੋਲ ਹੈ। ਰੇਂਜ ਰੋਵਰ ਉਵਰਫਰਿੰਚ ਦੀ ਕੀਮਤ 3 ਲੱਖ ਦਸ ਹਜ਼ਾਰ ਹੈ। ਇਸਨੂੰ ਰੇਂਜਰੋਵਰ ਤਿਆਰ ਕਰਕੇ ਓਵਰਫਰਿੰਚ ਨੂੰ ਦਿੰਦੀ ਹੈ। ਇਹ ਆਟੋਬਾਇਉਗ੍ਰਾਫੀ ਕਾਰ ਹੈ। ਮਰਸਡੀਸ S63AMG ਦੀ ਕੀਮਤ 2 ਲੱਖ ਡਾਲਰ ਹੈ। ਇਸ਼ਵਿੰਦਰ ਕੋਲ ਹਾਰਲੇ ਡੈਵਿਡਸਨ 1982 ਮੋਟਰ ਸਾਈਕਲ ਵੀ ਹੈ। ਇਸ ਦੀਆਂ ਸਪੈਸ਼ਲ ਲਾਇੰਸੈਂਸ ਪਲੇਟਾਂ ਮਿਲਦੀਆਂ ਹਨ। ਪੌਣੇ ਦੋ ਮਿਲੀਅਨ ਦੀਆਂ ਗੱਡੀਆਂ ਤੋਂ ਇਸ਼ਵਿੰਦਰ ਬੋਟ ਤੇ ਜੈਟ ਸਕੀਅ ਦੇ ਵੀ ਸ਼ੌਕੀਨ ਹਨ। ਇਸ਼ਵਿੰਦਰ ਕੋਲ ਮਾਸਟਰ ਕਰਾਫਟ ਬੋਟ ਹੈ ਜਿਸਦੀ ਕੀਮਤ ਇੱਕ ਲੱਖ ਡਾਲਰ ਹੈ। ਘੜੀਆਂ ਦੀ ਕੁਲੈਕਸ਼ਨ ਵਿਚ ਰੋਲੈਕਸ 24 ਹਜ਼ਾਰ,ਰਿਚਰਡ ਮਿਲ 2.5 ਲੱਖ, ਜੇਕਬ ਐਂਡ ਕੋ 2 ਲੱਖ 80 ਹਜ਼ਾਰ ਹੈ। ਇਸ਼ਵਿੰਦਰ ਕਹਿੰਦੇ ਹਨ ਕਿ ਮੈਂ ਆਪਣੇ ਮਾਂ ਬਾਪ ਦਾ ਸ਼ੁਕਰਗੁਜਾਰ ਹਾਂ ਤੇ ਸਿਆਟਲ ਨਿਵਾਸੀਆਂ ਦਾ ਵੀ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ।
ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ 90 ਏਕੜ 'ਚ ਸਥਾਪਤ ਕੀਤਾ ਜਾਵੇਗਾ ਹਿੰਦੂ 'ਗੀਤਾ ਪਾਰਕ'
NEXT STORY