ਰੋਮ, (ਦਲਵੀਰ ਸਿੰਘ ਕੈਂਥ)- ਪੰਜਾਬੀਆਂ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ (ਮਾਹਿਲਪੁਰ) ਦੇ ਜਾਇਸਲ ਸਿੰਘ ਸਹਿਗਲ ਨੇ ਇਟਲੀ ਦੀ ਆਲਾ ਪੁਲਸ Polizia ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕਾਮਯਾਬੀ ਨਾਲ ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜਾਇਸਲ ਸਿੰਘ ਸਹਿਗਲ ਦੇ ਪਿਤਾ ਮਨਜੀਤ ਸਿੰਘ ਸਹਿਗਲ, ਜੋ ਕਿ ਸੰਨ 1996 ਵਿੱਚ ਚੰਗੇ ਭਵਿੱਖ ਦੀ ਭਾਲ ਵਿੱਚ ਇਟਲੀ ਦੇ ਸ਼ਹਿਰ ਕਾਤਾਨੀਆ ਆਏ ਸਨ, ਨੇ ਇੱਥੇ ਕਰੀਬ 30 ਸਾਲ ਸਖ਼ਤ ਮਿਹਨਤ ਮਜ਼ਦੂਰੀ ਕੀਤੀ। ਉਨ੍ਹਾਂ ਦੀ ਧਰਮਪਤਨੀ ਅਰੁੰਨਾ ਸਿੰਘ ਸਹਿਗਲ ਨੇ ਵੀ ਹਰ ਚੰਗੇ-ਮਾੜੇ ਮੋੜ 'ਤੇ ਮੋਢੇ ਨਾਲ ਮੋਢਾ ਲਾ ਕੇ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਬੱਚਿਆਂ ਨੂੰ ਉੱਚੀ ਵਿੱਦਿਆ ਦਿਵਾਈ।
ਜਾਇਸਲ ਸਿੰਘ, ਜੋ ਕਿ ਮਹਿਜ਼ 20 ਸਾਲ ਦਾ ਹੈ ਅਤੇ ਇਟਲੀ ਦਾ ਹੀ ਜੰਮਪਲ ਹੈ, ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਰਿਹਾ ਹੈ। ਉਸ ਤੋਂ ਪਹਿਲਾਂ ਉਸ ਦੀ ਵੱਡੀ ਭੈਣ ਕਰੀਤੀਕਾ ਸਹਿਗਲ ਵੀ ਆਪਣੀ ਮਿਹਨਤ ਸਦਕਾ ਇੱਕ ਚੰਗੇ ਵਿਭਾਗ ਵਿੱਚ ਜਾਂਚ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ।
ਮਨਜੀਤ ਸਿੰਘ ਸਹਿਗਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਇਹ ਕਾਮਯਾਬੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਬਖ਼ਸ਼ਿਆ ਇੱਕ ਤੋਹਫ਼ਾ ਹੈ। ਜਾਇਸਲ ਸਿੰਘ ਨੇ ਆਪਣੀ ਟ੍ਰੇਨਿੰਗ ਮੁਕੰਮਲ ਕਰ ਲਈ ਹੈ ਅਤੇ ਇਸ ਵੇਲੇ ਉਹ ਅਲਸਾਂਦਰੀਆ ਵਿੱਚ ਤਾਇਨਾਤ ਹੈ, ਜਿੱਥੇ ਉਹ ਜਲਦ ਹੀ ਅਗਲਾ ਚਾਰਜ ਸੰਭਾਲੇਗਾ। ਜਾਇਸਲ ਦਾ ਸੁਪਨਾ ਕੁਝ ਹੋਰ ਵੱਖਰਾ ਕਰਨ ਦਾ ਹੈ, ਜਿਸ ਲਈ ਉਹ ਨੌਕਰੀ ਦੇ ਨਾਲ-ਨਾਲ ਆਪਣੀ ਅਗਲੀ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦਾ ਹੈ। ਸਹਿਗਲ ਪਰਿਵਾਰ ਦੀ ਇਸ ਵੱਡੀ ਪ੍ਰਾਪਤੀ ਲਈ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
'Greenland 'ਤੇ ਕਬਜ਼ੇ ਲਈ ਨਹੀਂ ਵਰਤਾਂਗਾ ਫੌਜ', ਟਰੰਪ ਨੇ ਨਾਟੋ ਤੇ ਯੂਰਪ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY