ਕਰੇਮੋਨਾ (ਦਲਵੀਰ ਕੈਂਥ)- ਇਟਲੀ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸੰਸਥਾਵਾਂ ਹਮੇਸ਼ਾ ਇਸ ਗੱਲ ਲਈ ਤੱਤਪਰ ਰਹਿੰਦੀਆਂ ਹਨ ਕਿ ਇੱਥੋਂ ਦੇ ਇਟਾਲੀਅਨ ਨਾਗਰਿਕਾਂ, ਖ਼ਾਸ ਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਦੇ ਇਤਿਹਾਸ, ਮਰਿਆਦਾਵਾਂ ਅਤੇ ਸਿਧਾਂਤਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸੇ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੌਰੇ ਦੀ ਪਿਚਨਾਰਦੀ ਕਰੇਮੋਨਾ ਇਟਲੀ ਦੇ ਉਪਰਾਲੇ ਸਦਕਾ ਲਗਾਤਾਰ 5ਵੇਂ ਸਾਲ ਮਿਲਾਨ ਤੋਂ ਸੁਪਰਓਰਏ ਸਕੂਲ ਦੇ 40 ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਕਰੇਮੋਨਾ ਤੋਂ ਇਨਆਉਦੀ ਸਕੂਲ ਦੀ ਇੱਕ ਅਧਿਆਪਕ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਉਪਰਾਲਾ ਪਿਛਲੇ ਤਕਰੀਬਨ 5 ਸਾਲ ਤੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਿਲਾਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਮਹਾਨ ਇਤਿਹਾਸ, ਮਰਿਆਦਾਵਾਂ ਅਤੇ ਸਿਧਾਂਤਾਂ ਤੋਂ ਜਾਣੂੰ ਕਰਵਾਇਆ ਜਾਂਦਾ ਹੈ।

ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਜੋ ਗਰੁੱਪ ਗੁਰਦੁਆਰਾ ਸਾਹਿਬ ਵਿਖੇ ਆਇਆ, ਸਵੇਰ ਵੇਲੇ ਉਨ੍ਹਾਂ ਨੇ ਪੰਗਤ ਵਿੱਚ ਬੈਠ ਕੇ ਚਾਹ ਪਕੌੜਿਆਂ ਦਾ ਲੰਗਰ ਛਕਿਆ ਤੇ ਇਸ ਉਪਰੰਤ ਕਲਗੀਧਰ ਗਤਕਾ ਅਖਾੜਾ ਵੱਲੋਂ ਉਨ੍ਹਾਂ ਨੂੰ ਗਤਕੇ ਦੇ ਜੌਹਰ ਦਿਖਾਏ ਗਏ। ਇਸ ਕਲਾ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੇ ਵੀ ਗੱਤਕਾ ਖੇਡਿਆ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਸ਼ਸਤਰ ਵਿੱਦਿਆ ਸਿੱਖ ਮਾਰਸ਼ਲ ਆਰਟ ਗਤਕੇ ਬਾਰੇ ਵੀ ਇਟਾਲੀਅਨ ਭਾਸ਼ਾ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ 10 ਗੁਰੂ ਸਾਹਿਬਾਨ ਦਾ ਇਤਿਹਾਸ ਸੰਖੇਪ ਵਿੱਚ ਵਰਣਨ ਕੀਤਾ ਗਿਆ। ਇਸ ਤੋਂ ਉਪਰੰਤ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਲਿਜਾਇਆ ਗਿਆ, ਜਿੱਥੇ ਕਿ ਉਹ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਸਰੂਪ ਦੇ ਵੀ ਦਰਸ਼ਨ ਕੀਤੇ। ਜਥਾ ਅਕਾਲੀ ਭੁਜੰਗਣ ਗੁਲਰਾਜ ਕੌਰ ਵੱਲੋਂ ਪੁਰਾਤਨ ਮਰਿਆਦਾ ਅਨੁਸਾਰ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਗਿਆ, ਜਿਸ ਨੂੰ ਇਟਾਲੀਅਨ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਸੁਣਿਆ ਗਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿੱਤੇ ਗਏ। ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਜਿੱਥੇ ਯੂਰਪ ਵਿੱਚ ਆਪਣੇ ਧਾਰਮਿਕ ਸਥਾਨ ਸਥਾਪਿਤ ਕੀਤੇ ਹਨ ਅਤੇ ਆਪਣੇ ਧਾਰਮਿਕ ਅਕੀਦੇ ਅਨੁਸਾਰ ਸਾਰੇ ਗੁਰਪੁਰਬ ਅਤੇ ਦਿਹਾੜੇ ਮਨਾਏ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਖਾਸਕਰ ਨੌਜਵਾਨ ਪੀੜੀ ਨੂੰ ਮਹਾਨ ਇਤਿਹਾਸ ਤੇ ਧਰਮ ਬਾਰੇ ਦੱਸਣ ਦੀ ਅਹਿਮ ਜ਼ਰੂਰਤ ਹੈ, ਜੋ ਕਿ ਸਮਾਜਿਕ ਅਤੇ ਭਾਈਚਾਰਕ ਸਾਂਝ ਨੂੰ ਵਧਾਉਂਦੀ ਹੈ।
ਇਕ ਪਾਸੇ ਜਿੱਥੇ ਸਿੱਖ ਸਮਾਜ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ, ਇਸ ਦੇ ਉਲਟ ਇਟਾਲੀਅਨ ਲੋਕਾਂ ਵਿੱਚ ਦੂਸਰੇ ਧਰਮਾਂ, ਸੱਭਿਆਚਾਰਾਂ, ਪਹਿਰਾਵਿਆਂ ਅਤੇ ਜ਼ੁਬਾਨਾਂ ਬਾਰੇ ਜਾਨਣ ਲਈ ਹਮੇਸ਼ਾ ਉਤਸੁਕਤਾ ਬਣੀ ਰਹਿੰਦੀ ਹੈ। ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਲੈ ਕੇ ਆਏ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਟਾਲੀਅਨ ਵਿਦਿਆਰਥੀ ਅਤੇ ਅਧਿਆਪਕ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਅਤੇ ਸਿੱਖ ਧਰਮ ਦੇ ਗੌਰਵਮਈ ਅਤੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਜਾਣ ਕੇ ਅਤਿਅੰਤ ਪ੍ਰਭਾਵਿਤ ਅਤੇ ਖੁਸ਼ ਹੋਏ। ਇਸ ਮੌਕੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਜਾਪਾਨੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ : ਸੰਜੀਵ ਅਰੋੜਾ
NEXT STORY