ਬੈਰਗਾਮੋ (ਕੈਂਥ) : ਉੱਤਰੀ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਅਧੀਨ ਆਉਂਦੇ ਕਸਬਾ ਕੋਵੋ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। ਧੰਨ-ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ, ਇਟਲੀ ਦੀ ਪ੍ਰਸਿੱਧ ਧਰਮ ਪ੍ਰਚਾਰ ਸੰਸਥਾ 'ਕਲਤੂਰਾ ਸਿੱਖ' ਦੇ ਸਹਿਯੋਗ ਨਾਲ 8 ਫਰਵਰੀ 2026 (ਐਤਵਾਰ) ਨੂੰ ਵਿਸ਼ਾਲ 'ਗੁਰਮਤਿ ਗਿਆਨ ਮੁਕਾਬਲੇ' ਕਰਵਾਏ ਜਾ ਰਹੇ ਹਨ।
ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਉਪਰਾਲਾ
ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਸੇਵਾਦਾਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਨਾ ਹੈ। ਸਾਲ 2026 ਦਾ ਇਹ ਪਹਿਲਾ ਵੱਡਾ ਮੁਕਾਬਲਾ ਹੈ, ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਮੁਕਾਬਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ
ਇਨ੍ਹਾਂ ਮੁਕਾਬਲਿਆਂ ਨੂੰ 4 ਵੱਖ-ਵੱਖ ਉਮਰ ਵਰਗਾਂ ਵਿੱਚ ਵੰਡਿਆ ਗਿਆ ਹੈ:
- ਪਹਿਲਾ ਗਰੁੱਪ: 5 ਤੋਂ 8 ਸਾਲ
- ਦੂਜਾ ਗਰੁੱਪ: 8 ਤੋਂ 11 ਸਾਲ
- ਤੀਜਾ ਗਰੁੱਪ: 11 ਤੋਂ 14 ਸਾਲ
- ਚੌਥਾ ਗਰੁੱਪ: 14 ਸਾਲ ਤੋਂ ਉੱਪਰ (ਸਾਰੇ)
ਇਹ ਮੁਕਾਬਲੇ ਲਿਖਤੀ ਰੂਪ ਵਿੱਚ ਹੋਣਗੇ। ਬੱਚਿਆਂ ਨੂੰ ਓਬਜੈਕਟਿਵ ਪੇਪਰ ਸ਼ੀਟ ਦਿੱਤੀ ਜਾਵੇਗੀ, ਜਿਸ ਵਿੱਚ ਸਹੀ ਜਵਾਬ 'ਤੇ ਨਿਸ਼ਾਨ ਲਗਾਉਣਾ ਹੋਵੇਗਾ। ਪੇਪਰ ਲਈ 40 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਸਾਰੇ ਸਵਾਲ 'ਕਲਤੂਰਾ ਸਿੱਖ' ਦੀ ਵੈੱਬਸਾਈਟ 'ਤੇ ਉਪਲਬਧ ਸਲੇਬਸ ਵਿੱਚੋਂ ਹੀ ਪੁੱਛੇ ਜਾਣਗੇ।
ਪ੍ਰਬੰਧਕਾਂ ਵੱਲੋਂ ਹੁਮਹੁਮਾ ਕੇ ਪਹੁੰਚਣ ਦੀ ਅਪੀਲ
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵਿੰਦਰ ਸਿੰਘ, ਵਾਈਸ ਪ੍ਰਧਾਨ ਸੁਖਦੇਵ ਸਿੰਘ, ਸੈਕਟਰੀ ਸੁਚਿਰਤ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਸਮੂਹ ਇਟਲੀ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਰੂਰ ਲੈ ਕੇ ਪਹੁੰਚਣ। ਹਿੱਸਾ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।
ਅਮਰੀਕਾ ਤੋਂ ਵੱਡੀ ਖ਼ਬਰ: ਜਿਲ ਬਾਈਡੇਨ ਦੇ ਸਾਬਕਾ ਪਤੀ 'ਤੇ ਲੱਗਾ ਪਤਨੀ ਦੇ ਕਤਲ ਦਾ ਇਲਜ਼ਾਮ
NEXT STORY