ਰੋਮ/ਇਟਲੀ(ਦਲਵੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡੇ 'ਲੀਨਾਰਦੋ ਦਿ ਵਿੰਚੀ ਫਿਊਮੀਚੀਨੋ' ਨੂੰ ਯੂਰਪ ਦਾ ਵਧੀਆ ਅਤੇ ਸਰਬਉਤੱਮ ਹਵਾਈ ਅੱਡਾ ਹੋਣ ਦਾ ਖ਼ਿਤਾਬ ਮਿਲਿਆ ਹੈ। ਫਿਊਮੀਚੀਨੋ ਹਵਾਈ ਅੱਡਾ ਪਿਛਲੇ ਚਾਰ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆ ਭਰ ਵਿੱਚ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈ ਅੱਡਾ ਹੋਣ ਦਾ ਮਾਣਮੱਤਾ ਖ਼ਿਤਾਬ ਚੌਥੀ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ।

ਏਅਰਪੋਰਟ ਕੌਂਸਲ ਇੰਟਰਨੈਸ਼ਨਲ, (ਏ.ਸੀ.ਆਈ) ਜੋ ਕਿ ਯੂਰਪ ਦੇ 500 ਤੋਂ ਵਧੇਰੇ ਹਵਾਈ ਅੱਡਿਆਂ ਦੀ ਨੁਮਾਇੰਦਗੀ ਕਰਦਾ ਹੈ, ਵੱਲੋਂ ਜਾਰੀ ਕੀਤੇ ਗਏ ਸਾਲ 2022 ਦੇ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਰੋਮ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਚੌਥੀ ਵਾਰ ਫਿਊਮੀਚੀਨੋ ਹਵਾਈ ਅੱਡੇ ਨੂੰ ਇਸ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਦੂਜੇ ਪਾਸੇ ਹਵਾਈ ਅੱਡੇ ਦੇ ਸੀ.ਈ.ਓ. ਮਾਰਕੋ ਤਰੋਨਕੋਨੇ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਚੇਚੇ ਤੌਰ 'ਤੇ ਮਾਣ ਹੈ ਕਿ ਸਾਲ 2022 ਵਿੱਚ ਵੀ ਰੋਮ ਹਵਾਈ ਅੱਡੇ ਨੂੰ ਸਰਵਉੱਤਮ ਹਵਾਈ ਸੇਵਾਵਾਂ ਕਰਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਦੱਸਣਯੋਗ ਹੈ ਕਿ ਫਿਊਮੀਚੀਨੋ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿੱਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸੰਬੰਧੀ ਵਧੀਆ ਸਹੂਲਤਾਂ ਦੇਣ ਵਾਲਾ ਖ਼ਿਤਾਬ ਵੀ ਮਿਲ ਚੁੱਕਾ ਹੈ ਤੇ ਨਾਲ ਹੀ ਸਕਾਈਟਰੈਕਸ ਵਲੋਂ ਇਸ ਹਵਾਈ ਅੱਡੇ ਨੂੰ ਪੰਜ ਸਿਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖ਼ਿਤਾਬ ਹਾਸਲ ਹੋਇਆ ਸੀ। ਰੋਮ ਹਵਾਈ ਅੱਡੇ ਨੂੰ ਚੌਥੀ ਵਾਰ ਯੂਰਪ ਦਾ ਸਰਵਉੱਤਮ ਹਵਾਈ ਅੱਡੇ ਦਾ ਖ਼ਿਤਾਬ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
PM ਹਸੀਨਾ ਨੇ ਬੰਗਲਾਦੇਸ਼ ਦੇ ਸਭ ਤੋਂ ਲੰਬੇ 'ਪਦਮਾ' ਪੁਲ ਦਾ ਕੀਤਾ ਉਦਘਾਟਨ
NEXT STORY