ਰੋਮ/ਇਟਲੀ (ਕੈਂਥ)— ਭਾਰਤੀ ਅੰਬੈਂਸੀ ਰੋਮ ਵੱਲੋਂ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਵਿਖੇ ਛੁੱਟੀ ਵਾਲੇ ਦਿਨ ਦੂਜਾ ਪਾਸਪੋਰਟ ਕੈਂਪ ਲਗਾਇਆ ਗਿਆ। ਵਿਸ਼ੇਸ਼ ਤੌਰ ਤੇ ਇਸ ਪਾਸਪੋਰਟ ਕੈਂਪ ਨੂੰ ਲਗਾਉਣ ਦਾ ਮਕਸਦ ਇਟਲੀ ਦੇ ਉਹਨਾਂ ਭਾਰਤੀਆਂ ਨੂੰ ਅੰਬੈਂਸੀ ਨਾਲ ਸਬੰਧਤ ਸੇਵਾਵਾਂ ਨੂੰ ਮੁੱਹਈਆ ਕਰਵਾਉਣਾ ਹੈ ਜਿਹਨਾਂ ਨੂੰ ਕਿ ਭਾਰਤੀ ਅੰਬੈਂਸੀ ਨਾਲ ਸਬੰਧਤ ਪੇਪਰਾਂ ਸਬੰਧੀ ਕੰਮ ਲਈ ਆਪਣੇ ਕੰਮ ਤੋਂ ਉਚੇਚਾ ਛੁੱਟੀ ਕਰਕੇ ਰੋਮ ਜਾਣਾ ਪੈਂਦਾ ਹੈ ਜਦੋਂ ਕਿ ਉਹਨਾਂ ਨੂੰ ਕੰਮ ਤੋਂ ਮੁਸ਼ਕਲ ਨਾਲ ਛੁੱਟੀ ਮਿਲਦੀ ਹੈ।
ਇਹਨਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਸਤਿਕਾਰਤ ਮੈਡਮ ਰੀਨਤ ਸੰਧੂ (ਰਾਜਦੂਤ ਭਾਰਤੀ ਅੰਬੈਂਸੀ ਰੋਮ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੂਜਾ ਪਾਸਪੋਰਟ ਕੈਂਪ ਅੰਬੈਂਸੀ ਰੋਮ ਵੱਲੋਂ ਇਟਲੀ ਦੇ ਮਸ਼ਹੂਰ ਇਲਾਕੇ ਬੋਰਗੋ ਹਰਮਾਦਾ (ਲਾਤੀਨਾ) ਦੇ ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਵਿਖੇ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ, ਜਿਸ ਵਿਚ ਅੰਬੈਂਸੀ ਵੱਲੋਂ ਮੈਡਮ ਸਰੁਚੀ ਸ਼ਰਮਾ ਫਸਟ ਸੈਕਟਰੀ ਭਾਰਤੀ ਅੰਬੈਂਸੀ ਰੋਮ ਸ਼ਿਰਕਤ ਕੀਤੀ ਅਤੇ ਕੈਂਪ ਵਿਚ ਆਏ ਭਾਰਤੀਆਂ ਦੇ ਦੁੱਖੜੇ ਸੁਣੇ।ਮੈਡਮ ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਜਾਂ ਸਮੱਸਿਆ ਹੈ ਤਾਂ ਉਹ ਆਪਣੇ ਇਲਾਕੇ ਦੇ ਭਾਰਤੀ ਆਗੂਆਂ ਨੂੰ ਦੱਸਣ ਜਾਂ ਭਾਰਤੀ ਅੰਬੈਂਸੀ ਰੋਮ ਨੂੰ ਕਹਿਣ, ਭਾਰਤੀ ਅੰਬੈਂਸੀ ਰੋਮ ਹਮੇਸ਼ਾ ਇਟਲੀ ਦੇ ਭਾਰਤੀਆਂ ਦੀ ਸੇਵਾ ਵਿਚ ਹੈ, ਕੋਈ ਵੀ ਭਾਰਤੀ ਬੇਝਿੱਜ਼ਕ ਆਪਣੀ ਮੁਸ਼ਕਲ ਦੱਸੇ।ਅੰਬੈਂਸੀ ਇਟਲੀ ਦੇ ਭਾਰਤੀਆਂ ਦੀ 24 ਘੰਟੇ ਸੇਵਾ ਵਿਚ ਹੈ ।
ਮੈਡਮ ਸ਼ਰਮਾ ਨੇ ਇਟਲੀ ਦੇ ਭਾਰਤੀਆਂ ਨੂੰ ਆਪਸੀ ਪਿਆਰ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਦਾ ਹੀ ਭਾਰਤ ਦੇਸ਼ ਦਾ ਮਾਣ-ਸਨਮਾਨ ਇਟਲੀ ਵਿਚ ਬਣਾਕੇ ਰੱਖੋ।ਇਸ ਪਾਸਪੋਰਟ ਕੈਂਪ ਵਿਚ ਸੈਂਕੜੇ ਭਾਰਤੀ ਲੋਕਾਂ ਨੇ ਕੈਂਪ ਦਾ ਭਰਪੂਰ ਲਾਭ ਲਿਆ ।ਕੈਂਪ ਵਿਚ ਪਾਸਪੋਰਟ ਰਿਨਿਊ, ਨਾਮ ਬਦਲੀ, ਜਨਮ ਸਰਟੀਫਿਕੇਟ ਤੇ ਹਲਫੀਆ ਬਿਆਨ ਆਦਿ ਦੀਆਂ ਐਪਲੀਕੇਸ਼ਨਾਂ ਦਿੱਤੀਆਂ ਗਈਆਂ।ਇਸ ਕੈਂਪ ਦੌਰਾਨ ਹੀ ਭਾਰਤੀ ਅੰਬੈਂਸੀ ਰੋਮ ਦੇ ਅਧਿਕਾਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ, ਸਿੰਘ ਸਭਾ ਸਨਵੀਤੋ ਅਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਵੀ ਗਏ। ਇਸ ਪਾਸਪੋਰਟ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ ਅਤੇ ਭਾਰਤੀ ਭਾਈਚਾਰੇ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
ਇੰਡੋਨੇਸ਼ੀਆ 'ਚ ਇਕ ਹਫਤੇ ਦਾ ਇੰਡੀਅਨ ਫੈਸਟੀਵਲ ਸ਼ੁਰੂ
NEXT STORY