ਰੋਮ/ਇਟਲੀ (ਕੈਂਥ): ਇਤਿਹਾਸ ਗਵਾਹ ਹੈ ਕਿ ਜਦੋ ਵੀ ਦੁਨੀਆ ਵਿਚ ਕੋਈ ਮੁਸੀਬਤ ਆਉਂਦੀ ਹੈ ਤਾਂ ਭਾਰਤੀ ਲੋਕ ਮਦਦ ਲਈ ਸਦਾ ਹੀ ਮੁਹਰਲੀ ਕਤਾਰ ਵਿਚ ਖੜ੍ਹਦੇ ਹਨ। ਫਿਰ ਉਹ ਦੇਸ ਚਾਹੇ ਦੁਨੀਆ ਦਾ ਕੋਈ ਵੀ ਹੋਵੇ, ਭਾਰਤੀ ਲੋਕ ਖਾਸ ਕਰ ਪੰਜਾਬੀ ਲੋੜਵੰਦਾਂ ਦੀ ਇੰਝ ਮਦਦ ਕਰਦੇ ਹਨ ਜਿਵੇਂ ਕਿ ਉਹ ਉਹਨਾਂ ਦੇ ਆਪਣੇ ਹੀ ਸਾਕ ਸਬੰਧੀ ਹੋਣ। ਦਾਨੀ ਭਾਰਤੀਆਂ ਦੇ ਅਜਿਹੇ ਕਾਰਜਾਂ ਦੀਆਂ ਦੁਨੀਆਂ 'ਤੇ ਅਣਗਿਣਤ ਉਦਾਹਰਣਾਂ ਹਨ ਕਿ ਜਦੋਂ ਕੋਈ ਮੁਸੀਬਤ ਪੈਦੀ ਹੈ ਤਾਂ ਭਾਰਤੀ ਲੋਕ ਅਜਿਹੀ ਦਰਿਆਦਿਲੀ, ਬਹਾਦਰੀ ਅਤੇ ਇਮਾਨਦਾਰੀ ਨਾਲ ਨਿਸ਼ਕਾਮੀ ਸਮਾਜ ਸੇਵਾ ਕਰਦੇ ਹਨ ਕਿ ਉਸ ਲਈ ਹਰ ਸਖਸ਼ ਦਾ ਸਿਰ ਦਾਨੀ ਭਾਰਤੀਆਂ ਲਈ ਆਪ ਮੁਹਾਰੇ ਹੀ ਝੁੱਕ ਜਾਂਦਾ ਹੈ।
ਕੁਝ ਅਜਿਹਾ ਹੀ ਨਜ਼ਾਰਾ ਭਾਰਤੀਆਂ ਦੇ ਮਹਿਬੂਬ ਯੂਰਪੀਅਨ ਦੇਸ ਇਟਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਕੋਰੋਨਾ ਸੰਕਟ ਕਾਰਨ ਝੰਬੇ ਤੇ ਆਰਥਿਕਤਾ ਪੱਖੋਂ ਡਗਮਗਾਏ ਇਟਲੀ ਨੂੰ ਭਾਰਤੀ ਲੋਕਾਂ ਨੇ ਸਿਰਫ ਸਹਿਯੋਗ ਹੀ ਨਹੀ ਦਿੱਤਾ ਸਗੋਂ ਇਟਲੀ ਨੂੰ ਖੁਸਹਾਲ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਹੁਣ ਵੀ ਅਹਿਮ ਰੋਲ ਨਿਭਾ ਰਹੇ ਹਨ।ਕੋਵਿਡ-19 ਕਾਰਨ ਇਟਲੀ ਵਿਚ ਪ੍ਰਭਾਵਿਤ ਹੋਏ ਲੋਕਾਂ ਦੇ ਜਨਜੀਵਨ ਨੂੰ ਮੁੜ ਵਸੇਵੇਂ ਵੱਲ ਲਿਆਉਣ ਲਈ ਇਟਲੀ ਭਰ ਦੀਆਂ ਭਾਰਤੀ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾ ਨੇ ਵੱਖ-ਵੱਖ ਤਰੀਕਿਆਂ ਨਾਲ ਕਰੀਬ 2 ਲੱਖ ਯੂਰੋ ਦੀ ਆਰਥਿਕ ਮਦਦ ਕੀਤੀ, ਜਿਹਦੇ ਵਿਚ ਭਾਰਤ ਦੇ ਪੰਜਾਬੀਆਂ ਦਾ ਸ਼ਲਾਘਾਯੋਗ ਯੋਗਦਾਨ ਰਿਹਾ ਹੈ।
ਭਾਰਤੀ ਲੋਕਾਂ ਵਲੋਂ ਕੀਤੇ ਇਸ ਦਾਨ ਦੇ ਸਹਿਯੋਗ ਲਈ ਜਿੱਥੇ ਇਟਲੀ ਦੇ ਰਾਸ਼ਟਰੀ ਮੀਡੀਏ ਨੇ ਰੱਜ ਕੇ ਤਾਰੀਫ ਕੀਤੀ ਉਥੇ ਹੀ ਇਟਲੀ ਦੀ ਸਰਕਾਰ ਨੇ ਵੀ ਸਹਿਯੋਗ ਦੇਣ ਦੇ ਲਈ ਭਾਰਤੀ ਭਾਈਚਾਰੇ ਦਾ ਉਚੇਚਾ ਧੰਨਵਾਦ ਕੀਤਾ। ਭਾਰਤੀ ਲੋਕਾਂ ਦੇ ਇਸ ਕਾਰਜ ਨਾਲ ਉਨਾਂ ਸਾਰੇ ਇਟਾਲੀਅਨ ਲੋਕਾਂ ਦੇ ਭਰਮ ਭੁਲੇਖੇ ਦੂਰ ਹੋ ਗਏ ਜਿਹੜੇ ਕਿ ਅਕਸਰ ਇਹੀ ਸਮਝਦੇ ਸਨ ਕਿ ਭਾਰਤੀ ਲੋਕ ਗਰੀਬੀ ਤੇ ਭੁੱਖਮਰੀ ਕਾਰਨ ਇਟਲੀ ਆਉਂਦੇ ਹਨ ਤੇ ਇੱਥੇ ਆਕੇ ਬਹੁਤ ਹੀ ਮੰਦਹਾਲੀ ਵਾਲਾ ਜੀਵਨ ਬਸ਼ਰ ਕਰਦੇ ਹਨ। ਅਜਿਹੀ ਸੋਚ ਦੇ ਧਾਰਨੀ ਲੋਕ ਹੀ ਹੁਣ ਭਾਰਤੀ ਭਾਈਚਾਰੇ ਨੂੰ ਝੁੱਕ-ਝੁੱਕ ਸਲਾਮ ਕਰਦੇ ਦੇਖੇ ਜਾ ਰਹੇ ਹਨ ਤੇ ਨਾਲ ਹੀ ਇਟਲੀ ਦੀ ਮਦਦ ਕਰਨ ਲਈ ਭਾਰਤੀ ਭਾਈਚਾਰੇ ਲਈ ਸ਼ਲਾਘਾ ਕਰਦੇ ਨਹੀ ਥੱਕਦੇ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਮਾਮਲੇ ਹੋਏ 54,601, ਮ੍ਰਿਤਕਾਂ ਦੀ ਗਿਣਤੀ ਹੋਈ 1,133
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤੀ ਲੋਕਾਂ ਨੇ ਇਟਲੀ ਦੀ ਆਰਥਿਕ ਮਦਦ ਕਰਕੇ ਉਹ ਰੁਤਬਾ ਤੇ ਅਕਸ ਚੰਗੇ ਇਨਸਾਨਾਂ ਵਾਲੇ ਨੂੰ ਦੁਬਾਰਾ ਹਾਸਲ ਕਰ ਲਿਆ ਹੈ ਜਿਸ ਨੂੰ ਕੁਝ ਅਪਰਾਧਿਕ ਬਿਰਤੀ ਵਾਲੇ ਭਾਰਤੀਆਂ ਨੇ ਇਟਾਲੀਅਨ ਲੋਕਾਂ ਦੇ ਮਨਾਂ ਵਿਚ ਧੁੰਦਲਾ ਕਰ ਦਿੱਤਾ ਸੀ।ਆਸ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਬਹੁਤੇ ਇਟਾਲੀਅਨ ਲੋਕ ਆਪਣੇ ਉਹਨਾਂ ਬੱਚਿਆਂ ਨੂੰ ਵੀ ਇਟਲ਼ੀ ਦੇ ਭਾਰਤੀਆਂ ਦੀ ਦਰਿਆਦਿਲੀ ਦੇ ਕਿੱਸੇ ਜ਼ਰੂਰ ਸੁਣਾਉਣਗੇ ਜਿਹੜੇ ਨਸਲੀ ਭਿੰਨ ਭੇਤ ਕਾਰਨ ਭਾਰਤੀਆਂ ਨਾਲ ਵਿਤਕਰਾ ਕਰਦੇ ਹਨ।
ਪਾਕਿ 'ਚ ਕੋਰੋਨਾ ਮਾਮਲੇ ਹੋਏ 54,601, ਮ੍ਰਿਤਕਾਂ ਦੀ ਗਿਣਤੀ ਹੋਈ 1,133
NEXT STORY