ਕੁਵੈਤ ਸਿਟੀ : ਪੱਛਮੀ ਏਸ਼ੀਆ 'ਚ ਚੱਲ ਰਹੇ ਭਾਰੀ ਤਣਾਅ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਪੁਸ਼ਟੀ ਕੀਤੀ ਹੈ ਕਿ ਕੁਵੈਤ ਦੇ ਹਵਾਈ ਰੱਖਿਆ ਬਲਾਂ ਨੇ ਗਲਤੀ ਨਾਲ ਅਮਰੀਕਾ ਦੇ ਤਿੰਨ F-15E 'ਸਟ੍ਰਾਈਕ ਈਗਲ' ਲੜਾਕੂ ਜਹਾਜ਼ਾਂ ਨੂੰ 'ਫ੍ਰੈਂਡਲੀ ਫਾਇਰ' (ਆਪਣੇ ਹੀ ਸਾਥੀਆਂ ਦੀ ਗੋਲੀਬਾਰੀ) ਦੌਰਾਨ ਡੇਗ ਦਿੱਤਾ ਹੈ।
ਪਾਇਲਟ ਸੁਰੱਖਿਅਤ, ਵੀਡੀਓ ਹੋਈ ਵਾਇਰਲ
ਸੈਂਟਰਲ ਕਮਾਂਡ ਅਨੁਸਾਰ, ਇਨ੍ਹਾਂ ਤਿੰਨਾਂ ਜਹਾਜ਼ਾਂ 'ਚ ਸਵਾਰ ਸਾਰੇ ਛੇ ਚਾਲਕ ਦਲ ਦੇ ਮੈਂਬਰ (ਹਰੇਕ ਜਹਾਜ਼ 'ਚ ਦੋ) ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਇੱਕ ਜਹਾਜ਼ ਨੂੰ ਅੱਗ ਦੀਆਂ ਲਪਟਾਂ 'ਚ ਘਿਰਿਆ ਹੋਇਆ ਤੇ ਅਸਮਾਨ ਤੋਂ ਹੇਠਾਂ ਡਿੱਗਦਾ ਦੇਖਿਆ ਜਾ ਸਕਦਾ ਹੈ, ਜਿਸ ਤੋਂ ਤੁਰੰਤ ਬਾਅਦ ਪਾਇਲਟਾਂ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਦਿੱਤੀ। ਕੁਵੈਤ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਅਮਰੀਕਾ ਨੇ ਬਚਾਅ ਕਾਰਜਾਂ ਲਈ ਕੁਵੈਤ ਦੇ ਸਹਿਯੋਗ ਦਾ ਧੰਨਵਾਦ ਕੀਤਾ ਹੈ।
ਈਰਾਨ ਨਾਲ ਵਧਿਆ ਟਕਰਾਅ
ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਪੂਰਾ ਖੇਤਰ ਜੰਗ ਦੇ ਮੁਹਾਨੇ 'ਤੇ ਖੜ੍ਹਾ ਹੈ। ਬੀਤੇ ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿੱਚ ਕਈ ਫੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਸਨ, ਜਿਸ ਦੇ ਜਵਾਬ ਵਿੱਚ ਈਰਾਨ ਨੇ ਤੇਲ ਅਵੀਵ ਅਤੇ ਖੇਤਰ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ 'ਤੇ ਸੈਂਕੜੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਬੋਲ ਦਿੱਤਾ।
7 ਦੇਸ਼ਾਂ ਨੇ ਈਰਾਨ ਦੇ ਹਮਲਿਆਂ ਦੀ ਕੀਤੀ ਨਿੰਦਾ
ਇਸ ਦੌਰਾਨ, ਅਮਰੀਕਾ ਅਤੇ ਛੇ ਖਾੜੀ ਦੇਸ਼ਾਂ-ਕੁਵੈਤ, ਸਊਦੀ ਅਰਬ, ਬਹਿਰੀਨ, ਕਤਰ, ਜਾਰਡਨ ਅਤੇ ਸੰਯੁਕਤ ਅਰਬ ਅਮੀਰਾਤ (UAE)-ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਈਰਾਨ ਦੇ 'ਲਾਪਰਵਾਹ ਹਮਲਿਆਂ' ਦੀ ਸਖ਼ਤ ਨਿੰਦਾ ਕੀਤੀ ਹੈ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਈਰਾਨੀ ਹਮਲਿਆਂ ਨੇ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ ਅਤੇ ਖੇਤਰੀ ਸਥਿਰਤਾ ਨੂੰ ਭੰਗ ਕੀਤਾ ਹੈ।
ਰਿਪੋਰਟਾਂ ਅਨੁਸਾਰ, ਇਹ ਹਮਲੇ ਬਹਿਰੀਨ, ਇਰਾਕ, ਜਾਰਡਨ, ਕੁਵੈਤ, ਓਮਾਨ, ਕਤਰ, ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਇਲਾਕਿਆਂ ਵਿੱਚ ਹੋਏ ਹਨ। ਇਨ੍ਹਾਂ ਦੇਸ਼ਾਂ ਨੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਸਵੈ-ਰੱਖਿਆ ਦੇ ਅਧਿਕਾਰ ਨੂੰ ਦੁਹਰਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਜ਼ਬੁੱਲਾ ਦੀਆਂ ਫੌਜੀ ਗਤੀਵਿਧੀਆਂ ਗੈਰ ਕਾਨੂੰਨੀ ਹਨ : ਲੇਬਨਾਨ ਸਰਕਾਰ
NEXT STORY