ਰੋਮ, (ਦਲਵੀਰ ਕੈਂਥ)- ਦੁਨੀਆ ਭਰ ਵਿਚ ਨਕਲੀ ਵਿਆਹ ਤੇ ਹੋਰ ਗ਼ੈਰ ਕਾਨੂੰਨੀ ਕੰਮ ਕਰਨ ਵਾਲੇ ਗਿਰੋਹਾਂ 'ਤੇ ਸਥਾਨਕ ਪੁਲਸ ਪ੍ਰਸ਼ਾਸਨ ਦਾ ਸਰਗਰਮ ਹੋਣਾ ਸੁਭਾਵਿਕ ਹੈ ਪਰ ਇਟਲੀ ਦੀ ਸਪੈਸ਼ਲ "ਗਵਾਰਦੀਆ ਦੀ ਫਿਨੈਸਾਂ" ਪੁਲਸ ਬਹੁਤ ਹੀ ਸਖ਼ਤ ਅਤੇ ਠੋਸ ਕਾਰਵਾਈ ਕਰਨ ਲਈ ਮੰਨੀ ਜਾਂਦੀ ਹੈ। ਜੇਕਰ ਇਨ੍ਹਾਂ ਦੀ ਕਾਰਵਾਈ ਹੇਠ ਕੋਈ ਜੁਰਮ ਦਾ ਕੇਸ ਆਉਂਦਾ ਹੈ ਤਾਂ ਕਦੇ ਵੀ ਢਿੱਲ ਨਹੀਂ ਕਰਦੇ ਅਤੇ ਕੇਸਾਂ ਦੀ ਜੜ੍ਹ ਤੱਕ ਜਾ ਕੇ ਹੱਲ ਕਰਦੇ ਹਨ।
ਬੀਤੇ ਦਿਨ ਇਟਲੀ ਦੇ ਸੂਬਾ ਸਚੀਲੀਆ ਦੇ ਮੇਸੀ਼ਨਾ ਸ਼ਹਿਰ ਦੀ ਗਵਾਰਦੀਆ ਦੀ ਫਿਨੈਂਸਾ ਪੁਲਸ ਵਲੋਂ ਇਕ ਜਾਅਲੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ।ਸਥਾਨਕ ਮੀਡੀਆ ਅਨੁਸਾਰ ਗਵਾਰਦੀਆ ਦੀ ਫਿਨੈਸਾ ਪੁਲਸ ਵਲੋਂ ਮਾਰੋਕੋ ਦੇਸ਼ ਦੇ ਮੂਲ ਦੇ ਵਿਅਕਤੀਆਂ ਅਤੇ ਕੁਝ ਇਟਾਲੀਅਨ ਮੂਲ ਦੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਇਹ ਧੰਦਾ ਕਰਦੇ ਸਨ।
ਪ੍ਰੈੱਸ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗਾਹਕ ਤੋਂ ਵਿਆਹ ਕਰਵਾਉਣ ਦਾ ਲਗਭਗ 10,000 ਯੂਰੋ ਲੈਂਦੇ ਸਨ ਅਤੇ ਪੱਕਾ ਕਰਵਾਉਂਦੇ ਸਨ। ਇਹ ਲੋਕ ਇਟਲੀ ਅਤੇ ਇਟਲੀ ਤੋਂ ਬਾਹਰ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਮੇਸੀਨਾ,ਤੋਰੀਨੋ, ਬੈਰਗਾਮੋ,ਕਤਾਨੀਆ, ਫਰੈਂਕਫੋਰਟ (ਜਰਮਨ) ਵਿਖੇ ਗਿਰੋਹ ਰਾਹੀਂ ਇਕ-ਦੂਜੇ ਤੱਕ ਪਹੁੰਚ ਕਰਦੇ ਸਨ। ਪੁਲਸ ਵਲੋਂ ਬਹੁਤ ਹੀ ਮੁਸਤੇਦੀ ਨਾਲ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 5 ਨੂੰ ਕੈਦ ਸੁਣਾਈ ਗਈ ਹੈ ਅਤੇ 11 ਨੂੰ ਪੁਲਸ ਵੱਲੋਂ ਪੁੱਛ-ਗਿੱਛ ਲਈ ਨਿਗਰਾਨੀ ਹੇਠ ਰੱਖਿਆ ਹੋਇਆ ਹੈ।
ਇਹ ਗਿਰੋਹ ਆਪਣੇ ਗਾਹਕਾਂ ਤੋਂ ਨਗਦ ਜਾਂ ਮਨੀ ਟਰਾਂਸਫਰ ਰਾਹੀਂ ਰਾਸ਼ੀ ਵਸੂਲਦੇ ਸਨ। ਪੁਲਸ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਹ ਗਿਰੋਹ ਹੁਣ ਤੱਕ 1 ਲੱਖ 60,000 ਯੂਰੋ ਦਾ ਕਾਲਾ ਬਜ਼ਾਰੀ ਦਾ ਧੰਦਾ ਕਰ ਚੁੱਕੇ ਹਨ। ਇਹ ਗਿਰੋਹ ਗਾਹਕ ਲਿਆਉਣ ਵਾਲੇ ਆਪਣੇ ਵਿਚੋਲਿਆਂ ਨੂੰ 2 ਤੋਂ 3 ਹਜ਼ਾਰ ਯੂਰੋ ਦੀ ਰਾਸ਼ੀ ਦਿੰਦੇ ਸਨ ਅਤੇ ਇਹ ਵਿਚੋਲੇ ਪੈਸਿਆਂ ਦੇ ਲਾਲਚ ਵਿਚ ਆਏ ਦਿਨ ਨਵਾਂ ਗਾਹਕ ਲਿਆ ਕੇ ਦਿੰਦੇ ਸਨ। ਪੁਲਸ ਵਲੋਂ ਹਰ ਪਹਿਲੂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨਾਲ ਸੰਬੰਧਤ ਹੋਰ ਲੋਕਾਂ ਨੂੰ ਵੀ ਫੜਿਆ ਜਾ ਸਕੇ। ਜ਼ਿਕਰਯੋਗ ਹੈ ਲਾਤੀਨਾ ਜ਼ਿਲ੍ਹੇ ਦੀ ਪੁਲਸ ਇਸ ਤੋਂ ਪਹਿਲਾਂ ਨਕਲੀ ਪੇਪਰ ਬਣਾਕੇ ਦੇਣ ਵਾਲੇ ਗਿਰੋਹ ਨੂੰ ਕਾਬੂ ਕਰ ਚੁੱਕੀ ਹੈ, ਜਿਸ ਤੋਂ ਸਹਿਜੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹੁਣ ਇਟਲੀ ਵਿਚ ਗ਼ੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਵਾਲ਼ਿਆਂ ਦੀ ਖ਼ੈਰ ਨਹੀਂ।
Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ
NEXT STORY