ਕੈਲੇਫੋਰਨੀਆ (ਨੀਟਾ ਮਾਛੀਕੇ)- ਮੁਡਿਸਟੋ ਦੇ ਨੇੜਲੇ ਸ਼ਹਿਰ ਸੀਰੀਜ਼ ਦੇ ਵਿੰਡਮੇਰੇ ਅਪਾਰਟਮੈਂਟ ਵਿਚ ਇਕ 55 ਸਾਲਾ ਪੰਜਾਬੀ ਜੰਗਬਹਾਦਰ ਸਿੰਘ ਸੰਧੂ ਨੇ ਆਪਣੀ ਪਤਨੀ ਅਤੇ ਸੌਤੇਲੇ ਪੁੱਤ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮੀਡੀਆ ਮੁਤਾਬਕ ਜੰਗਬਹਾਦਰ ਸਿੰਘ ਸੰਧੂ ਨੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਆਪਣੀ ਪਤਨੀ ਮਨਪ੍ਰੀਤ ਕੌਰ (34) ਅਤੇ ਪੁੱਤ ਗੁਰਮਨ ਸਿੰਘ (12) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਗੁਆਂਢ ਵਿਚ ਰਹਿੰਦੇ ਲੋਕਾਂ ਨੇ ਪੁਲਸ ਨੂੰ ਫੋਨ ਕਰਕੇ ਗੋਲੀਆਂ ਚੱਲਣ ਬਾਰੇ ਇਤਲਾਹ ਦਿੱਤੀ ਅਤੇ ਪੁਲਸ ਤੁਰੰਤ ਪਹੁੰਚ ਗਈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਤਿੰਨਾਂ ਨੇ ਦਮ ਤੋੜ ਦਿੱਤਾ ਸੀ। ਇਹ ਪਰਿਵਾਰ ਵਿੰਡਮੇਰੇ ਅਪਾਰਟਮੈਂਟ, ਜੋ ਕਿ ਰੋਡਿੰਗ ਰੋਡ ਅਤੇ 10ਵੀਂ ਸਟਰੀਟ ਵਿਚ ਕਿਰਾਏ ‘ਤੇ ਰਹਿੰਦਾ ਸੀ।
55 ਸਾਲਾ ਜੰਗਬਹਾਦਰ ਸਿੰਘ ਸੰਧੂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਉਸ ਦਾ ਇਕ ਲੜਕਾ ਵੀ ਸੀ। ਹੁਣ ਉਸ ਨੇ ਇਹ ਦੂਜਾ ਵਿਆਹ ਕਰਵਾਇਆ ਸੀ ਪਰ ਮ੍ਰਿਤਕ ਬੱਚਾ ਉਸ ਦਾ ਆਪਣਾ ਨਹੀਂ ਸੀ।
ਜੰਗਬਹਾਦਰ ਸਿੰਘ ਸੰਧੂ ਦਾ ਪਿਛਲਾ ਪਿੰਡ ਰੁੜਕਾਂ ਕਲਾ, ਜ਼ਿਲ੍ਹਾ ਜਲੰਧਰ ਸੀ। ਉਹ ਪਿਛਲੇ 15 ਸਾਲਾਂ ਤੋਂ ਅਮਰੀਕਾ ਰਹਿ ਰਿਹਾ ਸੀ ਅਤੇ ਖੁਦ ਅੰਮ੍ਰਿਤਧਾਰੀ ਸੀ।
ਸੀ.ਸੀ.ਟੀ.ਵੀ. ਤੋਂ ਪ੍ਰਾਪਤ ਹੋਈ ਫੁਟੇਜ ਤੋਂ ਪੁਲਸ ਨੂੰ ਪਤਾ ਚੱਲਿਆ ਹੈ ਕਿ ਜੰਗਬਹਾਦਰ ਸਿੰਘ ਸੰਧੂ ਨੇ ਆਪਣੇ ਪਤਨੀ ਅਤੇ ਬੇਟੇ ਨੂੰ ਸੁੱਤੇ ਪਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਆਪਣੇ ਕਮਰੇ 'ਚ ਜਾ ਕੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ। ਜੰਗਬਹਾਦਰ ਸਿੰਘ ਸੰਧੂ ਦਾ ਮਨਪ੍ਰੀਤ ਕੌਰ ਨਾਲ ਚਾਰ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਨਪ੍ਰੀਤ ਕੌਰ 4 ਮਹੀਨੇ ਪਹਿਲਾਂ ਹੀ ਆਪਣੇ ਬੇਟੇ ਗੁਰਮਨ ਸਿੰਘ ਨਾਲ ਅਮਰੀਕਾ ਪਹੁੰਚੀ ਸੀ। ਪੁਲਸ ਅਤੇ ਖੁਫੀਆ ਏਜੰਸੀਆਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦਾ ਇਕ ਹੋਰ ਨਵਾਂ ਮਾਮਲਾ
NEXT STORY