ਮਿਸੀਸਾਗਾ— ਓਨਟਾਰੀਓ 'ਚ ਜ਼ਿਆਦਾ ਰੁਝੇਵਿਆਂ ਵਾਲੇ ਇਲਾਕਿਆਂ 'ਚ ਹੁਣ ਖਪਤਕਾਰਾਂ ਨੂੰ ਗ੍ਰੋਸਰੀ ਸਟੋਰਾਂ 'ਤੇ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਉਹ ਆਪਣੇ ਨੇੜੇ ਦੇ ਰੇਲਵੇ ਸਟੇਸ਼ਨ ਤੋਂ ਇਹ ਸਮਾਨ ਹਾਸਲ ਕਰ ਸਕਣਗਏ। ਲੋਬਲਾਅ ਕੰਪਨੀਜ਼ ਲਿਮ ਤੇ ਮੈਟਰੋਲਿੰਕਸ ਦਰਮਿਆਨ ਹੋਏ ਸਮਝੋਤੇ ਰਾਹੀਂ ਤੈਅਸ਼ੁਦਾ ਸਟੇਸ਼ਨਾਂ 'ਤੇ ਗ੍ਰੋਸਰੀ ਤੇ ਹੋਰ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਆਨਲਾਈਨ ਖਰੀਦਿਆ ਜਾਣ ਵਾਲਾ ਸਮਾਨ ਅਗਲੇ ਦਿਨ ਸਬੰਧਤ ਵਿਅਕਤੀ ਦੇ ਨੇੜਲੇ ਸਟੇਸ਼ਨ 'ਤੇ ਪਹੁੰਚਾ ਦਿੱਤਾ ਜਾਵੇਗਾ। ਮਿਸੀਸਾਗਾ ਦਾ ਕਲਾਰਕਸਨ ਸਟੇਸ਼ਨ ਵੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਜਦਕਿ ਬਰੌਂਟੀ, ਓਕਵਿਲ, ਰੂਜ਼ ਹਿਲ ਤੇ ਵਿਟਬੀ ਦੇ ਗੋ ਟ੍ਰਾਂਜ਼ਿਟ ਸਟੇਸ਼ਨਾਂ 'ਤੇ ਗ੍ਰੋਸਰੀ ਆਈਟਮਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਗੋ ਟ੍ਰਾਂਜ਼ਿਟ 'ਚ ਸਫਰ ਕਰਨ ਵਾਲਿਆਂ ਨੂੰ ਵਿਸ਼ੇਸ਼ ਡਿਲਵਰੀ ਟਰੱਕ ਜਾਂ ਕਿਆਸਕ ਰਾਹੀਂ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਮੈਟਰੋਲਿੰਕਰ ਦੇ ਬੁਲਾਰੇ ਵੈਨੇਸਾ ਬਰਾਸਾ ਨੇ ਦੱਸਿਆ ਕਿ ਪੰਜ ਗੋ ਸਟੇਸ਼ਨਾਂ 'ਤੇ ਡਿਲਵਰੀ ਦਾ ਕੰਮ ਸਹੀ ਤਰੀਕੇ ਨਾਲ ਕਰਨ ਲਈ ਕੁਝ ਉਸਾਰੀ ਕਰਨੀ ਹੋਵੇਗੀ। ਇਹ ਪ੍ਰੋਜੈਕਟ ਦਾ ਸ਼ੁਰੂਆਤੀ ਪੜਾਅ ਹੈ ਤੇ ਮੈਟਰੋਲਿੰਕਸ ਵਲੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਹੋਰਨਾਂ ਗੋ ਸਟੇਸ਼ਨਾਂ 'ਤੇ ਇਹ ਸਹੂਲਤ ਦਿੱਤੀ ਜਾਵੇਗੀ।
ਉਧਰ ਲੋਬਲਾਅ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗ੍ਰੋਸਰੀ ਦਾ ਸਮਾਨ ਫੋਰਟੀਨੋਜ਼ ਜਾਂ ਲੋਬਲਾਜ਼ ਸਟੋਰਾਂ ਤੋਂ ਭੇਜਿਆ ਜਾਵੇਗਾ। ਅਸਲ 'ਚ ਕੰਪਨੀ ਨੇ 2014 'ਚ 'ਕਲਿਕ ਐਂਡ ਕਲੈਕਟ' ਸਹੂਲਤ ਸ਼ੁਰੂ ਕੀਤੀ ਸੀ ਤੇ ਹੁਣ ਐਮੇਜ਼ਾਨ ਵਰਗੀ ਈ-ਕਾਮਰਸ ਕੰਪਨੀ ਨੂੰ ਟੱਕਰ ਦੇਣ ਲਈ ਰੇਲਵੇ ਸਟੇਸ਼ਨਾਂ ਨੂੰ ਗ੍ਰੋਸਰੀ ਦੀ ਮੰਜ਼ਿਲ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਨਵੰਬਰ 'ਚ ਲੋਬਲਾਅ ਨੇ ਐਲਾਨ ਕੀਤਾ ਸੀ ਕਿ ਕੈਲੇਫੋਰਨੀਆ ਦੀ ਇੰਸਟਾਕਾਰਟ ਨਾਲ ਭਾਈਵਾਲੀ ਅਧੀਨ ਟੋਰਾਂਟੋ ਤੇ ਵੈਨਕੂਵਰ 'ਚ ਘਰ-ਘਰ ਸਾਮਾਨ ਪਹੁੰਚਾਇਆ ਜਾਵੇਗਾ।
ਵਿਦੇਸ਼ਾਂ 'ਚ ਚੋਰਾਂ ਦੇ ਹੌਂਸਲੇ ਬੁਲੰਦ, ਚਾਕੂ ਦੀ ਨੋਕ 'ਤੇ ਲੁੱਟੇ ਭਾਰਤੀ ਵਿਦਿਆਰਥੀ
NEXT STORY