ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਪੰਜਾਬੀ ਭਾਈਚਾਰੇ ਤੇ ਕਲਾ ਪ੍ਰੇਮੀਆਂ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਲੰਡਨ ਵਸਦਾ ਹਾਸਰਸ ਕਲਾਕਾਰ ਬ੍ਰਿਜ ਮੋਹਨ ਕੋਰੋਨਾਵਾਇਰਸ ਅੱਗੇ ਸਾਹਾਂ ਦੀ ਤੰਦ ਤੋੜ ਗਿਆ। ਬਰਤਾਨੀਆ ਭਰ ਦੀਆਂ ਸਟੇਜਾਂ 'ਤੇ ਹਾਸਿਆਂ ਰਾਹੀਂ ਆਪਣੀ ਹਾਜ਼ਰੀ ਲਗਵਾਉਣ ਵਾਲਾ ਬ੍ਰਿਜ ਮੋਹਨ ਆਪਣੇ ਆਪ ਨੂੰ "ਲੰਡਨ ਬਰਿੱਜ" ਅਖਵਾ ਕੇ ਖੁਸ਼ ਹੁੰਦਾ ਸੀ। ਅੱਜ ਉਹ ਹਾਸਿਆਂ ਦਾ ਵਣਜਾਰਾ ਆਪਣੇ ਚਾਹੁਣ ਵਾਲਿਆਂ ਨੂੰ ਗ਼ਮ ਦੇ ਆਲਮ ਵਿੱਚ ਛੱਡ ਕੇ ਤੁਰ ਗਿਆ ਹੈ।
ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਬਰਤਾਨੀਆ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਟੀਵੀ ਚੈਨਲਾਂ ਰਾਹੀਂ ਆਪਣੀ ਹਾਜ਼ਰੀ ਲਗਵਾਉਂਦਾ ਰਿਹਾ ਸੀ। ਜਿੱਥੇ ਉਹ ਬੇਹੱਦ ਹੱਸਮੁੱਖ ਸੁਭਾਅ ਕਰਕੇ ਜਾਣੇ ਜਾਂਦੇ ਸਨ, ਉੱਥੇ ਉਹਨਾਂ ਦੀ ਤਰਕਸ਼ੀਲਤਾ ਤੇ ਰਾਜਨੀਤਕ ਸੂਝ ਵੀ ਕਮਾਲ ਸੀ। ਬਰਤਾਨੀਆ ਵਿੱਚ ਉਹਨਾਂ ਦੀਆਂ ਰੰਗਮੰਚ ਖੇਤਰ ਵਿਚ ਸਰਗਰਮੀਆਂ ਵੀ ਕਾਬਲੇ ਤਾਰੀਫ਼ ਸਨ। ਉਹ ਆਪਣੇ ਬੇਬੇ ਬਿਸ਼ਨੀ, ਭੰਡ, ਜੱਗਾ ਫੌਜੀ, ਪੰਜਾਬੀ ਪੁਲਸੀਆ, ਗਾਂਧੀ ਆਦਿ ਕਿਰਦਾਰਾਂ ਜ਼ਰੀਏ ਦਰਸ਼ਕਾਂ ਦੀ ਮੁਸਕਰਾਹਟ ਦਾ ਕਾਰਨ ਬਣਦੇ ਰਹੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1883 ਲੋਕਾਂ ਦੀ ਮੌਤ, 11 ਲੱਖ ਤੋਂ ਵਧੇਰੇ ਇਨਫੈਕਟਿਡ
ਉਹਨਾਂ ਦੇ ਅਕਾਲ ਚਲਾਣੇ 'ਤੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਉਹਨਾਂ ਦੇ ਕਾਲਜ ਸਮੇਂ ਦੇ ਦੋਸਤ ਇਕਬਾਲ ਜੱਬੋਵਾਲੀਆ, ਰੰਗਮੰਚ ਨਿਰਦੇਸ਼ਕ ਤਜਿੰਦਰ ਸਿੰਧਰਾ, ਸੁਖਦੇਵ ਕਾਹਮਾ, ਨਿਰਮਲ ਸੋਂਧੀ, ਗਾਇਕ ਰਾਜ ਸੇਖੋਂ, ਗੀਤਕਾਰ ਕੁਲਦੀਪ ਮੱਲ੍ਹੀ, ਰਾਜਾ ਹੋਠੀ ਆਦਿ ਨੇ ਪਰਿਵਾਰ ਤੇ ਕਲਾ ਪ੍ਰੇਮੀਆਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਮਰੀਕਾ 'ਚ 24 ਘੰਟੇ 'ਚ 1883 ਲੋਕਾਂ ਦੀ ਮੌਤ, 11 ਲੱਖ ਤੋਂ ਵਧੇਰੇ ਇਨਫੈਕਟਿਡ
NEXT STORY