ਲੰਡਨ (ਰਾਜਵੀਰ ਸਮਰਾ)— ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਅੱਜ ਪੰਜਾਬੀ ਮੁਟਿਆਰਾਂ ਦਾ ਸਾਉਣ ਮਹੀਨੇ ਵਿਚ ਮਨਾਇਆ ਜਾਣ ਵਾਲਾ ਤੀਆਂ ਦੇ ਤਿਓਹਾਰ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ''ਤੀਆਂ ਯੂ.ਕੇ. ਦੀਆਂ'' ਆਯੋਜਿਤ ਕੀਤਾ ਗਿਆ। ਗੋਲਡਨ ਵਿਰਸਾ ਯੂ.ਕੇ. ਵਲੋਂ ਆਯੋਜਿਤ ਉਕਤ ਸੱਭਿਆਚਾਰਕ ਪ੍ਰੋਗਰਾਮ ਦੀ ਅਗਵਾਈ ਗੋਲਡਨ ਵਿਰਸਾ ਯੂ.ਕੇ. ਦੀ ਡਾਇਰੈਕਟਰ ਰਾਜਨਦੀਪ ਕੌਰ ਸਮਰਾ ਤੇ ਹਰਜਿੰਦਰ ਕੌਰ ਗਰੇਵਾਲ ਨੇ ਕੀਤੀ।
ਉਕਤ ਪ੍ਰਭਾਵਸ਼ਾਲੀ ਸਮਾਗਮ ਜੋ ਪਿਛਲੇ 3 ਹਫਤਿਆਂ ਤੋਂ ਨਿਰੰਤਰ ਚਲਦਾ ਆ ਰਿਹਾ ਸੀ। ਇਸ ਦੌਰਾਨ ਪੰਜਾਬਣ ਮੁਟਿਆਰਾਂ ਵਲੋਂ ਹਰ ਹਫਤੇ ਜਾਗੋ ਤੋਂ ਇਲਾਵਾ ਪੰਜਾਬਣਾਂ ਦੇ ਮੁੱਖ ਨਾਚਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਹੁੰਦੀ ਸੀ ਜਦਕਿ ਨਵੇਂ ਹਫਤੇ ਦੌਰਾਨ ਯੂ.ਕੇ. ਦੇ ਵੱਖ-ਵੱਖ ਹਿੱਸਿਆਂ ਦੀਆਂ ਮੁਟਿਆਰਾਂ ਨੇ ਉਤਸ਼ਾਹ ਨਾਲ ਵੱਡੀ ਗਿਣਤੀ ਵਿਚ ਹਿੱਸਾ ਲਿਆ। ਲਹਿੰਗੇ, ਘੱਗਰੇ ਤੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਨੇ ਖੂਬ ਗਿੱਧਾ ਪਾਇਆ।
ਮੈਡਮ ਹਰਜਿੰਦਰ ਕੌਰ ਗਰੇਵਾਲ, ਨਸੀਬ ਕੌਰ ਮੱਲ੍ਹੀ, ਛਿੰਦੋ ਗਰੇਵਾਲ, ਕੁਲਵੰਤ ਕੌਰ, ਚਰਨਜੀਤ ਕੌਰ, ਗਗਨ ਬਰਾੜ, ਕਮਲਜੀਤ ਧਾਮੀ, ਕਿਰਨ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਉਕਤ ਸਮਾਗਮ ਵਿਚ ਮੁਟਿਆਰਾਂ ਨੇ ਸਾਊਥਾਲ ਦੀਆਂ ਸੜਕਾਂ 'ਤੇ ਜਾਗੋ ਕੱਢੀ ਜੋ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਦਰ ਬਣੀ।ਤੀਆਂ ਦੇ ਸੱਜੇ ਉਕਤ ਸਮਾਗਮ ਦੌਰਾਨ ਈਲਿੰਗ ਸਾਊਥਾਲ ਦੇ ਡਿਪਟੀ ਮੇਅਰ ਮੁਨੀਰ ਅਹਿਮਦ ਅਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਆਪਣੀਆਂ ਪਤਨੀਆਂ ਨਾਲ ਸ਼ਿਰਕਤ ਕੀਤੀ।|ਤੀਆਂ ਦੇ ਮੇਲੇ ਮੌਕੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪਹਿਰਾਵੇ ਤੋਂ ਇਲਾਵਾ ਘੜੇ, ਗਾਗਰਾਂ, ਛੱਜਾਂ, ਮਧਾਣੀਆਂ,ਚਰਖੇ, ਛੰਨੇ, ਗਲਾਸ, ਕਾੜਨੇ, ਛਕਾਲੇ ਆਦਿ ਤੋਂ ਇਲਾਵਾ ਫੁਲਕਾਰੀਆਂ ਦੇ ਨਾਲ ਸੰਬੰਧਿਤ ਮਹਿਲਾਵਾਂ ਦੇ ਗਹਿਣਿਆਂ ਦੀ ਸਪੈਸ਼ਲ ਪ੍ਰਦਰਸ਼ਨੀ ਵੀ ਲਗਾਈ ਗਈ।
ਠੇਠ ਪੰਜਾਬੀ ਬੋਲੀਆਂ ਤੇ ਪੰਜਾਬਣ ਮੁਟਿਆਰਾਂ ਨੇ ਖੂਬ ਨੱਚ-ਨੱਚ ਕੇ ਧਮਾਲਾਂ ਪਾਈਆਂ।ਤੀਆਂ ਦੇ ਮੇਲੇ ਵਿਚ ਪਹੁੰਚੇ ਪੰਜਾਬੀ ਕਲਾਕਾਰਾਂ ਤੇ ਪੰਜਾਬੀ ਦਰਸ਼ਕਾਂ ਦੇ ਖਾਣ-ਪੀਣ ਲਈ ਪੰਜਾਬ ਦੇ ਮੁੱਖ ਪਕਵਾਨਾਂ ਦੇ ਲੰਗਰ ਲਗਾਏ ਗਏ।ਮੇਲਾ ਪ੍ਰਬੰਧਕਾਂ ਵਲੋਂ ਨਿਰਮਲਾ ਸ਼ਰਮਾ, ਨਵਨੀਤ ਕੌਰ, ਰੇਖਾ ਰੁੜਕੀ, ਰੇਸ਼ਮ ਚੋਹਾਨ, ਨੀਰੂ ਹੀਰ, ਪਰਮ ਸੰਧਾਵਾਲੀਆ ਤੇ ਟੀ.ਵੀ ਕਲਾਕਾਰ ਰੂਪਦਵਿੰਦਰ ਕੌਰ, ਮੋਹਨਜੀਤ ਕੌਰ ਬਸਰਾ, ਕੌਸਲਰ ਮਹਿੰਦਰ ਕੌਰ ਮਿੱਢਾ ਤੇ ਕੌਂਸਲਰ ਜਸਬੀਰ ਕੌਰ ਆਨੰਦ, ਮਿਸਿਜ ਅਹਿਮਦ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।ਤੀਆਂ ਦੇ ਮੇਲੇ ਦੀਆਂ ਵਿਸ਼ੇਸ਼ ਮਹਿਮਾਨ ਉਕਤ ਮਹਿਲਾਵਾਂ ਨੂੰ ਡਿਪਟੀ ਮੇਅਰ ਮੁਨੀਰ ਅਹਿਮਦ ਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਤੀਆਂ ਦਾ ਤਿਓਹਾਰ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਮੁੱਖ ਤਿਓਹਾਰ ਹੈ ਜੋ ਮਹਿਲਾਵਾਂ ਨੂੰ ਇਕ ਮੰਚ 'ਤੇ ਮਿਲਜੁਲ ਕੇ ਆਪਣੀਆਂ ਭਾਵਨਾਵਾਂ ਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਇਹ ਤਿਓਹਾਰ ਸਾਉਣ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ।
ਜਾਪਾਨ 'ਚ 4 ਸਾਲ ਬਾਅਦ ਫਿਰ ਫਟਿਆ ਜਵਾਲਾਮੁਖੀ, ਚਿਤਾਵਨੀ ਜਾਰੀ
NEXT STORY