ਵਾਸ਼ਿੰਗਟਨ : ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਪ੍ਰਸਤਾਵ ਤਹਿਤ ਨੌਕਰੀ ਜਾਣ ਤੋਂ ਬਾਅਦ ਮਿਲਣ ਵਾਲੀ 60 ਦਿਨਾਂ ਦੀ 'ਗ੍ਰੇਸ ਪੀਰੀਅਡ' ਦੀ ਸੁਵਿਧਾ ਨੂੰ ਖ਼ਤਮ ਕਰਨ ਦੀ ਯੋਜਨਾ ਹੈ। ਜੇਕਰ ਇਹ ਨਵਾਂ ਨਿਯਮ ਲਾਗੂ ਹੁੰਦਾ ਹੈ, ਤਾਂ ਨੌਕਰੀ ਖ਼ਤਮ ਹੁੰਦੇ ਹੀ ਵਿਦੇਸ਼ੀ ਕਰਮਚਾਰੀਆਂ ਨੂੰ ਤੁਰੰਤ ਅਮਰੀਕਾ ਛੱਡਣਾ ਪੈ ਸਕਦਾ ਹੈ।
ਅਮਰੀਕਾ ਦੇ ਟੈਕਨਾਲੋਜੀ ਖੇਤਰ ਵਿੱਚ ਭਾਰਤ ਅਤੇ ਚੀਨ ਤੋਂ ਵੱਡੀ ਗਿਣਤੀ ਵਿੱਚ ਪੇਸ਼ੇਵਰ H-1B ਵੀਜ਼ਾ 'ਤੇ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਟੀ.ਸੀ.ਐੱਸ. (TCS), ਇਨਫੋਸਿਸ (Infosys), ਐੱਚ.ਸੀ.ਐੱਲ. ਟੈੱਕ (HCLTech), ਅਤੇ ਐੱਲ.ਟੀ.ਆਈ. ਮਾਈਂਡਟ੍ਰੀ (LTIMindtree) ਵਰਗੀਆਂ ਭਾਰਤੀ ਕੰਪਨੀਆਂ ਦੇ ਨਾਲ-ਨਾਲ ਡੇਲੋਇਟ (Deloitte), ਪੀ.ਡਬਲਿਊ.ਸੀ. (PwC) ਅਤੇ ਅਰਨਸਟ ਐਂਡ ਯੰਗ (EY) ਵਰਗੀਆਂ ਗਲੋਬਲ ਕੰਪਨੀਆਂ ਵੱਡੀ ਗਿਣਤੀ ਵਿੱਚ H-1B ਵੀਜ਼ਾ ਸਪਾਂਸਰ ਕਰਦੀਆਂ ਹਨ। ਨਵੇਂ ਪ੍ਰਸਤਾਵ ਨਾਲ ਨੌਕਰੀ ਜਾਣ ਦੀ ਸਥਿਤੀ ਵਿੱਚ ਭਾਰਤੀ ਆਈ.ਟੀ. ਪੇਸ਼ੇਵਰਾਂ ਲਈ ਘੱਟ ਸਮੇਂ ਅੰਦਰ ਨਵਾਂ ਸਪਾਂਸਰ ਜਾਂ ਨਵੀਂ ਨੌਕਰੀ ਲੱਭਣੀ ਬਹੁਤ ਮੁਸ਼ਕਲ ਹੋ ਜਾਵੇਗੀ।
ਮੌਜੂਦਾ ਨਿਯਮਾਂ ਅਨੁਸਾਰ, ਜੋ ਕਿ 2017 ਤੋਂ ਲਾਗੂ ਹਨ, ਨੌਕਰੀ ਛੁੱਟਣ ਤੋਂ ਬਾਅਦ ਵਿਦੇਸ਼ੀ ਕਰਮਚਾਰੀਆਂ ਕੋਲ ਅਮਰੀਕਾ ਵਿੱਚ ਰਹਿ ਕੇ ਨਵੀਂ ਨੌਕਰੀ ਲੱਭਣ, ਵੀਜ਼ਾ ਟ੍ਰਾਂਸਫਰ ਕਰਵਾਉਣ ਜਾਂ ਦੇਸ਼ ਛੱਡਣ ਦੀ ਤਿਆਰੀ ਕਰਨ ਲਈ 60 ਦਿਨਾਂ ਦਾ ਸਮਾਂ ਹੁੰਦਾ ਸੀ। ਇਹ ਸਮਾਂ ਕਰਮਚਾਰੀਆਂ ਨੂੰ ਰਿਹਾਇਸ਼ ਬਦਲਣ ਅਤੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਵਿੱਚ ਵੀ ਮਦਦ ਕਰਦਾ ਸੀ। ਪ੍ਰਸਤਾਵਿਤ ਨਵੇਂ ਨਿਯਮਾਂ ਨਾਲ ਇਹ ਰਾਹਤ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।
ਇਹ ਨਵਾਂ ਪ੍ਰਸਤਾਵ ਸਿਰਫ਼ H-1B ਵੀਜ਼ਾ ਧਾਰਕਾਂ ਤੱਕ ਹੀ ਸੀਮਤ ਨਹੀਂ ਹੈ। ਇਸ ਦੇ ਦਾਇਰੇ ਵਿੱਚ E-1, E-2, L-1, O-1, TN ਦੇ ਨਾਲ-ਨਾਲ ਸਿੰਗਾਪੁਰ ਤੇ ਚਿਲੀ ਦੇ H-1B1 ਅਤੇ ਆਸਟ੍ਰੇਲੀਆ ਦੇ E-3 ਵੀਜ਼ਾ ਧਾਰਕ ਵੀ ਆਉਣਗੇ।
ਟਰੰਪ ਪ੍ਰਸ਼ਾਸਨ ਵੱਲੋਂ ਇਹ ਪ੍ਰਸਤਾਵ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਫਿਲਹਾਲ ਇਹ ਸਿਰਫ਼ ਇੱਕ ਪ੍ਰਸਤਾਵ ਹੈ ਅਤੇ ਇਸ 'ਤੇ ਜਨਤਾ ਕੋਲੋਂ 2 ਮਹੀਨਿਆਂ ਤੱਕ ਸੁਝਾਅ ਮੰਗੇ ਗਏ ਹਨ। ਇਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਅੰਤਿਮ ਫੈਸਲਾ ਲਿਆ ਜਾਵੇਗਾ।
ਕਾਂਗੋ 'ਚ ਵੱਡਾ ਹਾਦਸਾ: ਸਕੂਲਾਂ 'ਚ ਅੱਗ ਕਾਰਨ ਮਚਿਆ ਚੀਕ-ਚਿਹਾੜਾ, ਦਮ ਘੁੱਟਣ ਨਾਲ 24 ਵਿਦਿਆਰਥੀਆਂ ਦੀ ਮੌਤ
NEXT STORY