ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੱਚੇ ਜਦੋਂ ਵੀ ਚੰਗੇ ਕੰਮ ਕਰਦੇ ਹਨ ਤਾਂ ਅਦਾਰਾ ‘ਜਗ ਬਾਣੀ’ ਦੀ ਕੋਸ਼ਿਸ ਹੁੰਦੀ ਹੈ ਕਿ ਉੁਹਨਾਂ ਨੂੰ ਪਾਠਕਾਂ ਨਾਲ ਜਾਣੂ ਕਰਵਾਇਆ ਜਾਵੇ। ਇਸ ਨਾਲ ਬੱਚਿਆਂ ‘ਚ ਵੀ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਬਾਕੀ ਦੇ ਬੱਚੇ ਵੀ ਉਸ ਤੋਂ ਚੰਗੀ ਪ੍ਰੇਰਨਾ ਲੈਂਦੇ ਹਨ। ਇਸੇ ਤਹਿਤ ਹੀ ਤੁਹਾਨੂੰ ਮਿਲਵਾਉੁਂਦੇ ਹਾਂ ਨੰਨੀ ਐਥਲੀਟ 'ਰੂਹਵੀਨ ਕੌਰ ਸਾਗੂ' ਨਾਲ।
ਇਸ ਸਮੇਂ ਮੈਲਬੌਰਨ ਦੇ ਕਰੇਨਬਰਨ ਇਲਾਕੇ ਵਿਚ ਰਹਿਣ ਵਾਲੀ ਰੂਹਵੀਨ ਕੌਰ ਤੀਸਰੀ ਜਮਾਤ ਵਿਚ ਪੜ੍ਹਾਈ ਵੀ ਕਰ ਰਹੀ ਹੈ ਤੇ ਨਾਲ-ਨਾਲ ਖੇਡਾਂ ‘ਚ ਵੀ ਚੰਗੀਆਂ ਮੱਲ੍ਹਾਂ ਮਾਰ ਰਹੀ ਹੈ | ਰੂਹਵੀਨ ਕੌਰ ਸਾਗੂ ਨੇ 7 ਸਾਲ ਦੀ ਉਮਰ ਵਿਚ ਕੋਚ ਕੁਲਦੀਪ ਸਿੰਘ ਔਲ਼ਖ ਤੋਂ ਦੌੜਾਂ, ਸ਼ਾਟਪੁੱਟ ਤੇ ਲੌਂਗ ਜੰਪ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਦ ਉੁਸ ਨੇ ਕਰੇਨਬਰਨ ਲਿਟਲ ਐਥਲੈਟਿਕ ਸੈਂਟਰ ਦੇ ਬੈਨਰ ਹੇਠ ਹੋਣ ਵਾਲ਼ੀਆਂ ਖੇਡਾਂ ਵਿਚ ਲਗਾਤਾਰ ਭਾਗ ਲੈਣਾ ਸ਼ੁਰੂ ਕਰ ਦਿੱਤਾ। ਇਸੇ ਤਹਿਤ ਕਰੇਨਬਰਨ ਲਿਟਲ ਐਥਲੈਟਿਕ ਸੈਂਟਰ ਦੇ 2020/2021 ਸੀਜ਼ਨ ਦੇ ਖ਼ਤਮ ਹੋਏ ਸ਼ੈਸ਼ਨ ਵਿਚ ਰੂਹਵੀਨ ਕੌਰ ਸਾਗੂ ਨੇ ਅੰਡਰ 9 (ਗਰਲਜ਼) ਸ਼੍ਰੇਣੀ ਵਿਚ ਗੋਲ਼ਡ ਮੈਡਲ ਹਾਸਲ ਕੀਤਾ ਹੈ, ਜਿਸ ਵਿਚ ਉਸ ਨੇ 30 ਦੇ ਕਰੀਬ ਪਰਸਨਲ ਬੈਸਟ ਪ੍ਰਫਾਰਮੈਂਸ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ਵਿਚ ਸਿਰਫ਼ 4 ਬੱਚੇ ਹੀ 30 ਪਰਸਨਲ ਬੈਸਟ ਪ੍ਰਫਾਰਮੈਂਸ ਤੱਕ ਪਹੁੰਚੇ ਸਨ। ਇਸ ਦੇ ਨਾਲ-ਨਾਲ ਵਿਕਟੋਰੀਆ ਵਿਚ ਹੋਣ ਵਾਲੇ ਹੋਰ ਐਥਲੈਟਿਕ ਮੁਕਾਬਲਿਆਂ 'ਚ ਵੀ ਰੂਹਵੀਨ ਹਿੱਸਾ ਲੈਂਦੀ ਰਹਿੰਦੀ ਹੈ।
ਇਸ ਤੋਂ ਇਲਾਵਾ ਰੂਹਵੀਨ ਕੌਰ ਨੂੰ ਇਸ ਸਾਲ ਕਰੇਨਬਰਨ ਲਿਟਲ ਐਥਲੈਟਿਕ ਸੈਂਟਰ ਦੇ ਵੱਲੋਂ ਇਕ ਹੋਰ ਮੇਜਰ ਐਵਾਰਡ 'ਲਿਨ ਐਬਾਲੋਜ ਮੈਮੋਰੀਅਲ ਸ਼ੀਲਡ' ਨਾਲ ਵੀ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। 1988-89 ਤੋਂ ਸ਼ੁਰੂ ਹੋਏ ਇਹ ਐਵਾਰਡ ਇਸ ਸਾਲ ਸਿਰਫ਼ ਸੈਂਕੜੇ ਐਥਲੀਟਾਂ ਵਿਚੋਂ ਸਿਰਫ਼ 2 ਬੱਚਿਆਂ ਨੂੰ ਹੀ ਮਿਲਿਆ ਹੈ, ਜਿਨ੍ਹਾਂ ਵਿਚੋਂ ਇਕ ਰੂਹਵੀਨ ਕੌਰ ਵੀ ਸ਼ਾਮਲ ਹੈ। ਇਹ ਐਵਾਰਡ ਉਹਨਾਂ ਬੱਚਿਆਂ ਨੂੰ ਹੀ ਮਿਲਦਾ ਹੈ ਜੋ ਆਮ ਵਿਵਹਾਰ, ਹਾਜ਼ਰੀ, ਖੇਡਾਂ ਵਿਚ ਸਵੈ ਸੁਧਾਰ ਤੇ ਸਾਰੇ ਸੀਜ਼ਨ ਵਿਚ ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰਦੇ ਹਨ।
ਇਸ ਸਭ ਲਈ ਰੂਹਵੀਨ ਹਰ ਰੋਜ਼ ਕੋਚ ਕੁਲਦੀਪ ਸਿੰਘ ਔਲਖ਼ ਦੀ ਨਿਗਰਾਨੀ ਵਿਚ 2 ਘੰਟੇ ਟ੍ਰੇਨਿੰਗ 'ਚ ਖ਼ੂਬ ਮਿਹਨਤ ਕਰਦੀ ਰਹੀ ਤੇ ਹੁਣ ਵੀ ਮਿਹਨਤ ਬਾਦਸਤੂਰ ਜਾਰੀ ਹੈ। ਜਿਸ ਦਾ ਫਲ ਉਸਨੂੰ ਗੋਲ਼ਡ ਮੈਡਲ ਤੇ ਸਨਮਾਨ ਚਿੰਨ੍ਹ ਦੇ ਰੂਪ ਵਿਚ ਮਿਲਿਆ । ਰੂਹਵੀਨ ਕੌਰ ਸਾਗੂ ਦਾ ਸੁਪਨਾ ਹੈ ਕਿ ਉਹ ਖੇਡਾਂ ਚ ਹੋਰ ਵੀ ਅੱਗੇ ਵੱਧੇ ਤੇ ਇਕ ਦਿਨ ਨੈਸ਼ਨਲ ਖੇਡਾਂ ਤੱਕ ਜ਼ਰੂਰ ਪਹੁੰਚੇ।
ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ 'ਤੇ ਪਾਬੰਦੀ ਲਗਾਉਣਾ ਦੇਸ਼ ਦੇ ਸਰਬੋਤਮ ਹਿੱਤ 'ਚ : ਮੌਰੀਸਨ
NEXT STORY