ਕੁਆਲਾਲੰਪੁਰ (ਏਜੰਸੀ)— 8 ਮਾਰਚ 2014 ਨੂੰ ਲਾਪਤਾ ਹੋਏ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮ. ਐੱਚ.370 ਨਾਲ ਜੁੜੇ ਜਾਂਚਕਰਤਾਵਾਂ ਨੇ ਬੀਤੇ ਦਿਨੀਂ ਨਵੀਂ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਹਾਜ਼ ਦੇ ਕੰਟਰੋਲ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਸੀ। ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਉਸ ਨੂੰ ਤੈਅ ਰੂਟ ਤੋਂ ਵੱਖਰੇ ਰੂਟ 'ਤੇ ਲਿਜਾਇਆ ਗਿਆ ਸੀ। ਇਹ ਗੱਲ ਸਾਫ ਨਹੀਂ ਹੋ ਸਕੀ ਹੈ ਕਿ ਇਸ ਛੇੜਛਾੜ ਲਈ ਕੌਣ ਜ਼ਿੰਮੇਵਾਰ ਸੀ।

ਇਹ ਵੀ ਦੱਸਿਆ ਗਿਆ ਹੈ ਕਿ ਐੱਮ. ਐੱਚ370 ਨਾਲ ਆਖਰੀ ਵਾਰ ਸੰਪਰਕ ਉਦੋਂ ਹੋਇਆ ਸੀ, ਜਦੋਂ ਜਹਾਜ਼ ਦੇ ਕੈਪਟਨ ਜ਼ਹਾਰੀ ਅਹਿਮਦ ਸ਼ਾਹ ਨੇ ਮਲੇਸ਼ੀਆਈ ਏਅਰਸਪੇਸ (ਹਵਾਈ ਖੇਤਰ) ਨੂੰ ਛੱਡਣ ਤੋਂ ਪਹਿਲਾਂ 'ਗੁੱਡ ਨਾਈਟ, ਮਲੇਸ਼ੀਅਨ370' ਕਿਹਾ ਸੀ। ਓਧਰ ਮਲੇਸ਼ੀਆਈ ਅਤੇ ਕੌਮਾਂਤਰੀ ਜਾਂਚਕਰਤਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਹਾਜ਼ ਰਸਤੇ ਤੋਂ ਕਿਉਂ ਅਤੇ ਕਿਵੇਂ ਭਟਕਿਆ ਅਤੇ ਗੱਲਬਾਤ ਖਤਮ ਹੋਣ ਤੋਂ ਬਾਅਦ ਤੈਅ ਰੂਟ ਤੋਂ ਕਿਵੇਂ ਗਲਤ ਰਸਤੇ ਉਡਦਾ ਰਿਹਾ। ਮਾਹਰਾਂ ਦਾ ਮੰਨਣਾ ਹੈ ਕਿ ਐੱਮ. ਐੱਚ370 ਦਾ ਰੂਟ ਬਦਲ ਕੇ ਹਿੰਦ ਮਹਾਸਾਗਰ ਦੇ ਉੱਪਰ ਕਰਨ ਤੋਂ ਪਹਿਲਾਂ ਟਰਾਂਸਪੋਂਡਰ ਜਾਣਬੁੱਝ ਕੇ ਬੰਦ ਕਰ ਦਿੱਤਾ ਗਿਆ ਹੋਵੇਗਾ।
ਜਾਣੋ ਕੀ ਹੈ ਪੂਰਾ ਮਾਮਲਾ—
239 ਯਾਤਰੀ ਨੂੰ ਲੈ ਕੇ ਜਾ ਰਿਹਾ ਐੱਮ. ਐੱਚ370 ਜਹਾਜ਼ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਅਚਾਨਕ ਲਾਪਤਾ ਹੋ ਗਿਆ ਸੀ। ਜਹਾਜ਼ ਦਾ ਲਾਪਤਾ ਹੋਣਾ ਹੁਣ ਤਕ ਸਭ ਤੋਂ ਵੱਡਾ ਰਹੱਸ ਬਣਿਆ ਹੋਇਆ ਹੈ। ਲਾਪਤਾ ਜਹਾਜ਼ ਦੀ ਭਾਲ ਲਈ ਕੌਮਾਂਤਰੀ ਪੱਧਰ 'ਤੇ ਕਈ ਖੋਜ ਮੁਹਿੰਮਾਂ ਚੱਲੀਆਂ ਅਤੇ ਇਸ 'ਤੇ ਕਰੋੜਾਂ ਰੁਪਏ ਖਰਚ ਹੋਏ। ਜਹਾਜ਼ ਦੀ ਭਾਲ ਲਈ ਅਮਰੀਕੀ ਫਰਮ ਓਸ਼ਨ ਇਨਫੀਨਿਟੀ ਨੇ ਵੀ ਖੋਜ 'ਚ ਮਦਦ ਕੀਤੀ ਸੀ। ਅਮਰੀਕੀ ਫਰਮ ਨੇ ਦੱਖਣੀ ਹਿੰਦ ਮਹਾਸਾਗਰ ਵਿਚ 1,12,000 ਵਰਗ ਕਿਲੋਮੀਟਰ ਖੇਤਰ ਨੂੰ ਖੰਗਾਲਿਆ ਸੀ ਪਰ ਕੁਝ ਖਾਸ ਸੁਰਾਗ ਹੱਥ ਨਹੀਂ ਲੱਗ ਸਕਿਆ। ਇਸ ਤੋਂ ਇਲਾਵਾ ਆਸਟ੍ਰੇਲੀਆ, ਚੀਨ ਅਤੇ ਮਲੇਸ਼ੀਆ ਵਲੋਂ ਖੋਜ ਮੁਹਿੰਮ ਚਲਾਈ ਗਈ ਸੀ। ਜਾਂਚਕਰਤਾਵਾਂ ਨੇ ਰਿਪੋਰਟ ਵਿਚ ਦੱਸਿਆ ਕਿ ਜਹਾਜ਼ ਨਾਲ ਅਸਲ ਵਿਚ ਕੀ ਹੋਇਆ ਸੀ, ਇਹ ਅਜੇ ਤਕ ਪਤਾ ਤੈਅ ਨਹੀਂ ਹੋ ਸਕਿਆ। ਜਾਂਚ ਟੀਮ ਦੇ ਮੁਖੀ ਨੇ ਦੱਸਿਆ ਕਿ ਇਸ ਦਾ ਸਹੀ-ਸਹੀ ਜਵਾਬ ਤਾਂ ਹੀ ਮਿਲ ਸਕਦਾ ਹੈ, ਜਦੋਂ ਜਹਾਜ਼ ਦਾ ਮਲਬਾ ਮਿਲੇਗਾ।
ਪਾਲਤੂ ਕੁੱਤੇ ਨਾਲ ਖੇਡਣਾ ਵਿਅਕਤੀ ਨੂੰ ਪਿਆ ਭਾਰੀ, ਗਵਾਏ ਹੱਥ-ਪੈਰ
NEXT STORY