ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਫਲੋਰੀਡਾ ਰਾਜ ਵਿਚ ਕੋਵਿਡ-19 ਦੇ 21,683 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਇਕ ਦਿਨ ਵਿਚ ਸਾਹਮਣੇ ਆਏ ਸਭ ਤੋਂ ਵੱਧ ਨਵੇਂ ਮਾਮਲੇ ਹਨ। ਸੰਘੀ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਥੀਮ ਪਾਰਕ, ਰਿਜੋਰਟ ਨੇ ਇੱਥੇ ਆਉਣ ਵਾਲੇ ਲੋਕਾਂ ਤੋਂ ਇਕ ਵਾਰ ਫਿਰ ਮਾਸਕ ਲਗਾਉਣ ਦੀ ਅਪੀਲ ਕੀਤੀ ਹੈ। ਬਹੁਤ ਛੂਤਕਾਰੀ ਡੈਲਟਾ ਵੈਰੀਐਂਟ ਦੇ ਲਗਾਤਾਰ ਪ੍ਰਸਾਰ ਦੇ ਵਿਚਕਾਰ ਫਲੋਰੀਡਾ ਅਮਰੀਕਾ ਵਿਚ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਦੇਸ਼ ਦੇ ਸਾਰੇ ਨਵੇਂ ਮਾਮਲਿਆਂ ਦਾ ਕਰੀਬ ਪੰਜਵਾਂ ਹਿੱਸਾ ਫਲੋਰੀਡਾ ਵਿਚ ਹੀ ਆ ਰਿਹਾ ਹੈ।
ਰਾਜ ਵਿਧਾਇਕਾ ਦੇ ਨਾਲ ਹੀ ਰੀਪਬਲਿਕਨ ਪਾਰਟੀ ਤੋਂ ਫਲੋਰੀਡਾ ਦੇ ਗਵਰਨਰ ਰੋਨ ਡੇਸੈਂਟਿਸ ਨੇ ਲਾਜ਼ਮੀ ਤੌਰ 'ਤੇ ਮਾਸਕ ਪਾਉਣ ਅਤੇ ਟੀਕੇ ਦੀਆਂ ਲੋੜਾਂ ਦਾ ਵਿਰੋਧ ਕੀਤਾ ਹੈ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ ਦਾ ਪਾਲਣ ਕਰਾਉਣ ਨਾਲ ਸਬੰਧਤ ਸਥਾਨਕ ਅਧਿਕਾਰੀਆਂ ਦੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਹੈ। ਅਗਲੇ ਮਹੀਨੇ ਤੋਂ ਸਕੂਲਾਂ ਵਿਚ ਕਲਾਸਾਂ ਸ਼ੁਰੂ ਹੋਣ ਦੇ ਮੱਦਨੇਜ਼ਰ ਡੇਸੈਂਟਿਸ ਨੇ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਵੱਲੋਂ ਮਾਸਕ ਪਾਉਣ ਦੀ ਲੋੜ ਨੂੰ ਖ਼ਤਮ ਕਰ ਦਿੱਤਾ। ਨਵੇਂ ਮਾਮਲਿਆਂ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਹੋਈ ਅਤੇ ਇਹਨਾਂ ਨੂੰ ਸ਼ਨੀਵਾਰ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੀ ਵੈਬਸਾਈਟ 'ਤੇ ਜਾਰੀ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦਾ ਨਵਾਂ ਆਈਡੀਆ, ਟੀਕਾਕਰਨ 'ਚ ਤੇਜ਼ੀ ਲਈ ਲੋਕਾਂ ਨੂੰ 100 ਡਾਲਰ ਦੇਣ ਦੀ ਪੇਸ਼ਕਸ਼
ਅੰਕੜੇ ਦਰਸਾਉਂਦੇ ਹਨ ਕਿ ਸਨਸ਼ਾਈਨ ਸਟੇਟ ਵਿਚ ਇਨਫੈਕਸ਼ਨ ਦੇ ਮਾਮਲੇ ਕਿੰਨੀ ਤੇਜ਼ੀ ਨਾਲ ਵੱਧ ਰਹੇ ਹਨ। ਸਿਰਫ ਇਕ ਦਿਨ ਪਹਿਲਾਂ ਫਲੋਰੀਡਾ ਵਿਚ ਕੋਵਿਡ-19 ਦੇ 17,093 ਨਵੇਂ ਮਾਮਲੇ ਸਾਹਮਣੇ ਆਏ ਸਨ। ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਫਲੋਰੀਡਾ ਵਿਚ ਸਭ ਤੋਂ ਵੱਧ 19,334 ਮਾਮਲੇ 7 ਜਨਵਰੀ ਨੂੰ ਦਰਜ ਕੀਤੇ ਗਏ ਸਨ। ਇਸ ਹਫ਼ਤੇ ਰਾਜ ਵਿਚ ਇਨਫੈਕਸ਼ਨ ਨਾਲ 409 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 39,000 ਦੇ ਪਾਰ ਹੋ ਗਈ । ਮਾਰਚ 2020 ਵਿਚ ਇਨਫੈਕਸ਼ਨ ਨਾਲ ਰਾਜ ਵਿਚ ਪਹਿਲੀ ਮੌਤ ਹੋਈ ਸੀ ਅਤੇ ਅਗਸਤ 2020 ਦੇ ਮੱਧ ਵਿਚ ਇਨਫੈਕਸ਼ਨ ਦਾ ਪ੍ਰਸਾਰ ਜ਼ੋਰ 'ਤੇ ਸੀ। ਉਦੋਂ ਸੱਤ ਦਿਨ ਦੀ ਮਿਆਦ ਵਿਚ 1266 ਲੋਕਾਂ ਦੀ ਮੌਤ ਹੋਈ ਸੀ। ਡੇਸੈਂਟਿਸ ਨੇ ਇਨਫੈਕਸ਼ਨ ਵਿਚ ਤੇਜ਼ੀ ਲਈ ਮੌਸਮ ਵਿਚ ਤਬਦੀਲੀ ਨੂੰ ਕਾਰਨ ਦੱਸਿਆ ਹੈ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਫਲੋਰੀਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਇਕ ਹਫ਼ਤੇ ਵਿਚ 50 ਫੀਸਦੀ ਤੱਕ ਵੱਧ ਗਏ ਨਹ। ਜਦਕਿ ਰਾਜ ਵਿਚ ਕੋਵਿਡ-19 ਕਾਰਨ ਹਸਪਤਾਲ ਵਿਚ ਦਾਖਲ ਹੋਣ ਦੇ ਮਾਮਲੇ ਪਿਛਲੇ ਸਾਲ ਦੇ ਸਿਖਰ ਤੱਕ ਪਹੁੰਚਣ ਦੇ ਕਰੀਬ ਹਨ।
ਨੋਟ- ਤੁਹਾਡੇ ਮੁਤਾਬਕ ਅਮਰੀਕੀ ਰਾਜ ਫਲੋਰੀਡਾ ਵਿਚ ਕੋਰੋਨਾ ਮਾਮਲੇ ਵੱਧਣ ਪਿੱਛੇ ਕੀ ਕਾਰਨ ਹੋ ਸਕਦਾ ਹੈ। ਦਿਓ ਰਾਏ।
ਬਰਤਾਨੀਆ ਦੇ ਵਿਗਿਆਨੀਆਂ ਨੇ ਦਿੱਤੀ ਚੇਤਾਵਨੀ, ਕਿਹਾ-ਆ ਸਕਦੈ ਕੋਰੋਨਾ ਦਾ ਖਤਰਨਾਕ ‘ਸੁਪਰ ਮਿਊਟੈਂਟ ਵੇਰੀਐਂਟ’
NEXT STORY