ਸਾਊਥੈਂਪਟਨ, (ਯੂਕੇ)- ਸਾਊਥੈਂਪਟਨ ਕਰਾਊਨ ਕੋਰਟ ਨੇ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਦਾ ਕਤਲ ਕਰਨ ਦੇ ਦੋਸ਼ ਵਿੱਚ 23 ਸਾਲਾ ਸਿੱਖ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਕਤਲ ਲਈ ਇੱਕ ਸਿੱਖ ਕ੍ਰਿਪਾਨ ਦੀ ਵਰਤੋਂ ਕੀਤੀ ਸੀ, ਜਿਸ ਬਾਰੇ ਉਸ ਦਾ ਦਾਅਵਾ ਸੀ ਕਿ ਉਹ ਇਸਨੂੰ ਆਪਣੇ ਧਰਮ ਦੇ ਹਿੱਸੇ ਵਜੋਂ ਕੋਲ ਰੱਖਦਾ ਸੀ।
ਇਹ ਦਰਦਨਾਕ ਘਟਨਾ 3 ਦਸੰਬਰ 2025 ਨੂੰ ਸਾਊਥੈਂਪਟਨ ਦੀ ਬੇਲਮੌਂਟ ਰੋਡ 'ਤੇ ਵਾਪਰੀ ਸੀ। ਦੋਸ਼ੀ ਵਿਕਰਮ ਦਿਗਵਾ ਨੇ ਸਾਊਥੈਂਪਟਨ ਯੂਨੀਵਰਸਿਟੀ ਦੇ ਫਾਈਨਾਂਸ ਵਿਦਿਆਰਥੀ ਹੈਨਰੀ ਨੋਵੈਕ 'ਤੇ 21 ਸੈਂਟੀਮੀਟਰ ਲੰਬੇ ਬਲੇਡ ਨਾਲ ਪੰਜ ਵਾਰ ਕੀਤੇ ਸਨ। ਅਦਾਲਤ ਨੇ ਦਿਗਵਾ ਨੂੰ ਕਤਲ ਦਾ ਦੋਸ਼ੀ ਪਾਇਆ ਹੈ ਅਤੇ ਹੁਣ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਦਿਗਵਾ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਨੋਵੈਕ 'ਤੇ ਆਤਮ-ਰੱਖਿਆ ਵਿੱਚ ਹਮਲਾ ਕੀਤਾ ਸੀ। ਉਸ ਨੇ ਕਿਹਾ ਕਿ ਨੋਵੈਕ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੇ ਦਿਗਵਾ ਨੂੰ ਜਾਤੀਵਾਦੀ ਗਾਲ੍ਹਾਂ ਕੱਢੀਆਂ, ਮੁੱਕਾ ਮਾਰਿਆ ਅਤੇ ਉਸ ਦੀ ਦਸਤਾਰ ਉਤਾਰ ਦਿੱਤੀ ਸੀ। ਦਿਗਵਾ ਨੇ ਦੱਸਿਆ ਕਿ ਜਦੋਂ ਨੋਵੈਕ ਨੇ ਉਸ ਦੇ ਵਾਲਾਂ ਤੋਂ ਫੜ ਕੇ ਧਮਕਾਇਆ, ਤਾਂ ਉਸ ਨੇ ਉਸ ਦੀਆਂ ਲੱਤਾਂ ਦੇ ਪਿਛਲੇ ਪਾਸੇ ਵਾਰ ਕੀਤੇ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਇੱਕ ਵਾਰ ਨੋਵੈਕ ਦੀ ਛਾਤੀ ਵਿੱਚ ਡੂੰਘਾ ਜ਼ਖ਼ਮ ਕਰ ਦੇਵੇਗਾ।
ਪੁਲਸ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ
ਟ੍ਰਾਇਲ ਦੌਰਾਨ ਇਸਤਗਾਸਾ ਪੱਖ ਨੇ ਕਿਹਾ ਕਿ ਦਿਗਵਾ ਨੇ ਝੂਠ ਬੋਲਿਆ ਅਤੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਧੋਖਾ ਦਿੱਤਾ ਸੀ। ਦਿਗਵਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨੋਵੈਕ ਨੂੰ ਨਹੀਂ ਮਾਰਿਆ, ਜਿਸ ਕਾਰਨ ਪੁਲਸ ਨੇ ਸ਼ੁਰੂ ਵਿੱਚ ਜ਼ਖਮੀ ਨੋਵੈਕ ਨੂੰ ਹੀ ਗ੍ਰਿਫਤਾਰ ਕਰਕੇ ਹੱਥਕੜੀਆਂ ਲਗਾ ਦਿੱਤੀਆਂ ਸਨ। ਹੈਨਰੀ ਨੋਵੈਕ ਦੀ ਹਾਲਤ ਵਿਗੜ ਗਈ ਅਤੇ ਪੁਲਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।
ਅਦਾਲਤ ਨੇ ਦਿਗਵਾ ਦੇ ਦਾਅਵਿਆਂ ਨੂੰ ਨਕਾਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ
NEXT STORY