ਓਟਾਵਾ— ਕੈਨੇਡਾ 'ਚ ਐੱਨ. ਡੀ. ਪੀ. ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਪ੍ਰੇਮਿਕਾ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਮੁਤਾਬਕ ਇਨ੍ਹਾਂ ਦਾ ਵਿਆਹ ਵੀਰਵਾਰ ਨੂੰ ਮੈਕਸੀਕੋ ਵਿਖੇ ਹੋਇਆ। 39 ਸਾਲਾ ਜਗਮੀਤ ਅਤੇ 27 ਸਾਲਾ ਗੁਰਕਿਰਨ ਕੌਰ ਨੇ ਸਿੱਖ ਮਰਿਆਦਾ ਮੁਤਾਬਕ ਵਿਆਹ ਕਰਵਾਇਆ। ਜਗਮੀਤ ਦੇ ਪ੍ਰੈੱਸ ਸੈਕਰੇਟਰੀ ਜੇਮਜ਼ ਸਮਿੱਥ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੇ ਵਿਆਹ ਦੇ ਪ੍ਰੋਗਰਾਮ 'ਚ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਵੀ ਪੁੱਜੇ ਸਨ ਅਤੇ ਉਨ੍ਹਾਂ ਨੇ ਵੀ ਜਗਮੀਤ ਅਤੇ ਗੁਰਕਿਰਨ ਨਾਲ ਤਸਵੀਰ ਸਾਂਝੀ ਕੀਤੀ ਹੈ।

ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਜਗਮੀਤ ਅਤੇ ਗੁਰਕਿਰਨ ਨੂੰ ਮੁਬਾਰਕਾਂ ਦਿੱਤੀਆਂ। ਸੋਸ਼ਲ ਮੀਡੀਆ 'ਤੇ ਕਈ ਦਿਨਾਂ ਤੋਂ ਇਨ੍ਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਤੋਂ ਪਹਿਲਾਂ ਜਗਮੀਤ ਅਤੇ ਗੁਰਕਿਰਨ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਏ 'ਤੇ ਛਾਈਆਂ ਰਹੀਆਂ ਸਨ। ਜਗਮੀਤ ਦੇ ਪ੍ਰੈੱਸ ਸੈਕਰੇਟਰੀ ਸਮਿੱਥ ਨੇ ਦੱਸਿਆ ਕਿ ਕੁੱਝ ਦਿਨਾਂ ਤਕ ਇਹ ਨਵਾਂ ਜੋੜਾ ਮੈਕਸੀਕੋ 'ਚ ਰਹੇਗਾ। ਫਿਲਹਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਗੁਰਕਿਰਨ ਕੌਰ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ। ਜਗਮੀਤ ਅਤੇ ਗੁਰਕਿਰਨ ਨੇ 16 ਜਨਵਰੀ 2018 ਨੂੰ ਓਨਟਾਰੀਓ 'ਚ ਮੰਗਣੀ ਕਰਵਾਈ ਜਿਸ ਦੀ ਨਿੱਜੀ ਪਾਰਟੀ 'ਚ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਪੁੱਜੇ ਸਨ। ਇਸ ਮਗਰੋਂ 4 ਫਰਵਰੀ 2018 ਨੂੰ ਉਨ੍ਹਾਂ ਨੇ ਕੁੜਮਾਈ ਕੀਰਤਨ ਕਰਵਾਇਆ ਸੀ।
ਬ੍ਰਿਟੇਨ ਨੇ ਦਿੱਤੀ ਦੱਖਣੀ ਅਫਰੀਕਾ 'ਚ ਅੱਤਵਾਦੀ ਹਮਲੇ ਦੀ ਚਿਤਾਵਨੀ
NEXT STORY