ਦਿ ਹੇਗ (ਏਜੰਸੀ)- ਨੀਦਰਲੈਂਡ ਦੇ ਡੱਚ ਸ਼ਹਿਰ ਔਟਰਚਟ ਵਿਚ ਇਕ ਵਿਅਕਤੀ ਨੇ ਟਰੈਮ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਪੁਲਸ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਦਿੱਤੀ। ਸ਼ਹਿਰ ਦੇ ਪੱਛਮ ਵਿੱਚ ਇੱਕ ਟਰਾਮ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਹਮਲੇ ਦੀ ਵਜ੍ਹਾ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਯੂਟ੍ਰੇਕਟ ਦੇ ਮੇਅਰ ਨੇ ਜਾਣਕਾਰੀ ਦਿੱਤੀ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਡਚ ਐਂਟੀ ਟੈਰੋਰਿਜ਼ਮ ਦੇ ਹੈਡ ਨੇ ਕਿਹਾ ਹੈ ਕਿ ਯੂਟ੍ਰੇਕਟ ਵਿਚ ਕਈ ਥਾਈਂ ਗੋਲੀਬਾਰੀ ਦੀ ਜਾਣਕਾਰੀ ਮਿਲੀ ਹੈ। ਐਂਟੀ ਟੈਰਰ ਕੋ-ਆਰਡੀਨੇਟਰ ਪੀਟਰ ਜੈਪ ਐਲਹਰਸਬਰਗ ਨੇ ਟਵਿੱਟਰ 'ਤੇ ਲੋਕਾਂ ਨੂੰ ਯਾਦ ਕਰਵਾਇਆ ਹੈ ਕਿ ਅਜੇ ਵੀ ਹਮਲਾਵਰ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਯੂਟ੍ਰੇਕਟ ਵਿਚ ਖਤਰੇ ਦਾ ਪੱਧਰ 5 ਤੱਕ ਪਹੁੰਚ ਗਿਆ ਹੈ, ਜੋ ਸਭ ਤੋਂ ਜ਼ਿਆਦਾ ਹੈ।
ਹਮਲੇ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਵਲੋਂ ਅਜੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਘਟਨਾ ਨੂੰ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਘਟਨਾ 24 ਓਕਬ੍ਰੇਲਪਲੇਨ ਜੰਕਸ਼ਨ ਨੇੜੇ ਹੋਈ ਹੈ। ਨੇੜਲੇ ਇਲਾਕਿਆਂ ਨੂੰ ਪੁਲਸ ਵਲੋਂ ਘੇਰਾ ਪਾ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਦਦ ਲਈ ਕਈ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਸਥਾਨਕ ਮੀਡੀਆ ਨੇ ਨਕਾਬਪੋਸ਼, ਹਥਿਆਰਬੰਦ ਪੁਲਸ ਅਤੇ ਟਰਾਮ ਦੇ ਨੇੜੇ ਐਮਰਜੈਂਸੀ ਵਾਹਨਾਂ ਦੀਆਂ ਤਸਵੀਰਾਂ ਦਿਖਾਈਆਂ ਜੋ ਸੜਕ 'ਤੇ ਬਣੇ ਇਕ ਪੁਲ ਦੇ ਕਿਨਾਰੇ ਰੁਕ ਗਏ ਸਨ। ਨਿਊਜ਼ ਏਜੰਸੀ ਏ.ਐਨ.ਪੀ. ਨੇ ਟਰਾਮ ਦਾ ਸੰਚਾਲਨ ਕਰਨ ਵਾਲੀ ਕਿਊਬਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਟਰਾਮ ਸੇਵਾਵਾਂ ਫਿਲਹਾਲ ਕੁਝ ਦੇਰ ਲਈ ਰੋਕ ਦਿੱਤੀ ਗਈ ਹੈ।
ਡਚ ਪੁਲਸ ਅਤੇ ਨੀਮ ਫੌਜੀ ਫੋਰਸਾਂ ਨੇ ਏਅਰਪੋਰਟ ਅਤੇ ਮਹੱਤਵਪੂਰਨ ਰੇਲਵੇ ਸਟੇਸ਼ਨਾਂ 'ਤੇ ਜਾਂਚ ਅਤੇ ਸੁਰੱਖਿਆ ਵਧਾ ਦਿੱਤੀ ਹੈ। ਨੀਦਰਲੈਂਡ ਦੇ ਗੁਆਂਢੀ ਦੇਸ਼ ਜਰਮਨੀ ਵਿਚ ਵੀ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਨੀਦਰਲੈਂਡ ਨਾਲ ਲੱਗਦੇ ਜਰਮਨੀ ਦੀ ਸਰਹੱਦ 'ਤੇ ਵੀ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਹਾਈਵੇ ਅਤੇ ਛੋਟੇ ਰਸਤਿਆਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਯੂਟ੍ਰੇਕਟ ਪੁਲਸ ਨੇ 37 ਸਾਲ ਦੇ ਇਕ ਵਿਅਕਤੀ ਦੀ ਤਸਵੀਰ ਅਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਵਿਅਕਤੀ ਦਾ ਜਨਮ ਤੁਰਕੀ ਵਿਚ ਹੋਇਆ ਹੈ ਅਤੇ ਇਸ ਦਾ ਯੂਟ੍ਰੇਕਟ ਵਿਚ ਹੋਈ ਗੋਲੀਬਾਰੀ ਨਾਲ ਸਬੰਧ ਹੈ। ਜੇਕਰ ਇਹ ਵਿਅਕਤੀ ਕਿਤੇ ਵੀ ਨਜ਼ਰ ਆਵੇ ਤਾਂ ਇਸ ਕੋਲ ਜਾਣ ਦੀ ਬਜਾਏ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ।
ਨਿਊਜ਼ੀਲੈਂਡ ਗੋਲੀਬਾਰੀ ਦੀਆਂ 15 ਲੱਖ ਵੀਡੀਓਜ਼ ਫੇਸਬੁੱਕ ਤੋਂ ਡਿਲੀਟ
NEXT STORY