ਲੰਡਨ- ਕਈ ਮੁਲਕਾਂ ਵਿਚ ਕੋਰੋਨਾ ਵਾਇਰਸ ਦਾ ਟੀਕਾ ਆਉਣ ਨਾਲ ਜਿੱਥੇ ਇਕ ਪਾਸੇ ਥੋੜ੍ਹੀ ਰਾਹਤ ਮਿਲੀ ਸੀ, ਉੱਥੇ ਹੀ ਦੂਜੇ ਪਾਸੇ ਵਾਇਰਸ ਦਾ ਨਵਾਂ ਰੂਪ ਪ੍ਰੇਸ਼ਾਨੀ ਵਧਾ ਸਕਦਾ ਹੈ। ਇਕ ਤਾਜ਼ਾ ਅਧਿਐਨ ਵਿਚ ਇਹ ਦੱਸਿਆ ਗਿਆ ਹੈ ਕਿ ਯੂ. ਕੇ. ਵਿਚ ਫੈਲ ਰਿਹਾ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜ਼ਿਆਦਾ ਸੰਕ੍ਰਾਮਕ ਹੈ ਅਤੇ ਸੰਭਵ ਹੈ ਕਿ ਇਸ ਦੀ ਵਜ੍ਹਾ ਨਾਲ ਅਗਲੇ ਸਾਲ ਹਸਪਤਾਲਾਂ ਵਿਚ ਬਿਸਤਰ ਭਰ ਜਾਣ ਅਤੇ ਮੌਤਾਂ ਦਾ ਅੰਕੜਾ ਵੀ ਵਧ ਜਾਵੇ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਲੰਡਨ ਸਕੂਲ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਿਨ ਦੇ ਸੈਂਟਰ ਫਾਰ ਮੈਥਮੈਟੀਕਲ ਮਾਡਲਿੰਗ ਆਫ਼ ਇਨਫੈਕਸ਼ੀਅਸ ਡਿਸੀਜ਼ ਨੇ ਇਕ ਅਧਿਐਨ ਵਿਚ ਪਾਇਆ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਬਾਕੀ ਸਟ੍ਰੇਨ ਦੀ ਤੁਲਨਾ ਵਿਚ 56 ਫ਼ੀਸਦੀ ਤੱਕ ਜ਼ਿਆਦਾ ਸੰਕ੍ਰਾਮਕ ਹੈ। ਹਾਲਾਂਕਿ, ਇਸ ਦਾ ਕੋਈ ਸਪੱਸ਼ਟ ਪ੍ਰਮਾਣ ਨਹੀਂ ਹੈ ਕਿ ਇਸ ਨਾਲ ਲੋਕਾਂ ਵਿਚ ਘੱਟ ਜਾਂ ਜ਼ਿਆਦਾ ਗੰਭੀਰ ਬੀਮਾਰੀ ਹੋਵੇ।
ਬ੍ਰਿਟੇਨ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਇਹ ਦੱਸਿਆ ਸੀ ਕਿ ਨਵਾਂ ਵੈਰੀਐਂਟ ਪਿਛਲੇ ਸਟ੍ਰੇਨ ਦੀ ਤੁਲਨਾ ਵਿਚ 70 ਫ਼ੀਸਦੀ ਤੇਜ਼ੀ ਨਾਲ ਫੈਲਣ ਵਾਲਾ ਹੈ। ਯੂ. ਕੇ. ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪੈਟ੍ਰਿਕ ਵੈਲੰਸ ਨੇ 19 ਦਸੰਬਰ ਨੂੰ ਦੱਸਿਆ ਸੀ ਕਿ ਨਵੇਂ ਕੋਰੋਨਾ ਵਾਇਰਸ ਵਿਚ ਤਕਰੀਬਨ ਦੋ ਦਰਜਨ ਅਜਿਹੇ ਬਦਲਾਅ ਹਨ ਜੋ ਕੋਰੋਨਾ ਵਾਇਰਸ ਤੋਂ ਬਣੇ ਪ੍ਰੋਟੀਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ, ਯੂਰਪ ਦੇ ਸਿਹਤ ਨਿਗਰਾਨ ਮੁਤਾਬਕ, ਕੋਰੋਨਾ ਵਾਇਰਸ ਦਾ ਇਹ ਨਵਾਂ ਸਟ੍ਰੇਨ ਪਿਛਲੇ ਤੋਂ ਇੰਨਾ ਵੱਖਰਾ ਨਹੀਂ ਹੈ ਕਿ ਫਾਈਜ਼ਰ-ਬਾਇਓਨਟੈਕ ਦਾ ਬਣਾਇਆ ਗਿਆ ਟੀਕਾ ਇਸ 'ਤੇ ਅਸਰ ਨਾ ਕਰ ਸਕੇ। ਆਸਟ੍ਰੇਲੀਆ, ਡੈਨਮਾਰਕ ਅਤੇ ਸਿੰਗਾਪੁਰ ਵਿਚ ਵੀ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਮਿਲਿਆ ਹੈ।
ਸਕਾਟਿਸ਼ ਹੈਲਥ ਕੇਅਰ ਵਰਕਰਾਂ ਨੂੰ ਨਵੇਂ ਸਾਲ 'ਚ ਮਿਲੇਗਾ 500 ਪੌਂਡ ਦਾ 'ਧੰਨਵਾਦ' ਬੋਨਸ
NEXT STORY