ਨਿਊਯਾਰਕ : ਅਮਰੀਕਾ ਵਿੱਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਨਿਖਿਲ ਗੁਪਤਾ ਨੇ ਨਿਊਯਾਰਕ ਦੀ ਇੱਕ ਫੈਡਰਲ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਤਿੰਨ ਅਪਰਾਧਿਕ ਦੋਸ਼ਾਂ ਵਿੱਚ ਕਬੂਲਿਆ ਗੁਨਾਹ
54 ਸਾਲਾ ਨਿਖਿਲ ਗੁਪਤਾ ਨੇ ਮੈਨਹਟਨ ਦੀ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਹੋ ਕੇ 'ਮਰਡਰ-ਫਾਰ-ਹਾਇਰ' (ਪੈਸੇ ਦੇ ਕੇ ਕਤਲ ਕਰਵਾਉਣਾ), ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਸਮੇਤ ਤਿੰਨ ਗੰਭੀਰ ਅਪਰਾਧਿਕ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲਿਆ ਹੈ। ਇਨ੍ਹਾਂ ਸਾਰੇ ਦੋਸ਼ਾਂ ਤਹਿਤ ਗੁਪਤਾ ਨੂੰ ਵੱਧ ਤੋਂ ਵੱਧ 40 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਚੈੱਕ ਗਣਰਾਜ ਤੋਂ ਹੋਈ ਸੀ ਹਵਾਲਗੀ
ਨਿਖਿਲ ਗੁਪਤਾ ਨੂੰ ਸਾਲ 2023 ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੂਨ 2024 ਵਿੱਚ ਉਸ ਨੂੰ ਅਮਰੀਕਾ ਹਵਾਲੇ (Extradite) ਕਰ ਦਿੱਤਾ ਗਿਆ ਸੀ। ਅਮਰੀਕਾ ਪਹੁੰਚਣ ਤੋਂ ਤੁਰੰਤ ਬਾਅਦ ਉਸ ਨੇ ਪਹਿਲਾਂ ਖੁਦ ਨੂੰ ਬੇਕਸੂਰ ਦੱਸਿਆ ਸੀ, ਪਰ ਹੁਣ ਉਸ ਨੇ ਅਦਾਲਤ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ।
ਭਾਰਤ ਸਰਕਾਰ ਦਾ ਪੱਖ
ਭਾਰਤ ਸਰਕਾਰ ਨੇ ਇਸ ਮਾਮਲੇ ਤੋਂ ਖੁਦ ਨੂੰ ਪੂਰੀ ਤਰ੍ਹਾਂ ਵੱਖ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਸਰਕਾਰੀ ਨੀਤੀ ਦੇ ਵਿਰੁੱਧ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਹ ਕਥਿਤ ਸਾਜ਼ਿਸ਼ ਮਈ 2023 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਯਾਦਵ ਨਾਮਕ ਇੱਕ ਸਾਬਕਾ ਭਾਰਤੀ ਸਰਕਾਰੀ ਕਰਮਚਾਰੀ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ਹੈ।
ਕੌਣ ਹੈ ਗੁਰਪਤਵੰਤ ਸਿੰਘ ਪੰਨੂ?
ਗੁਰਪਤਵੰਤ ਸਿੰਘ ਪੰਨੂ ਨਿਊਯਾਰਕ ਸਥਿਤ ਇੱਕ ਵਕੀਲ ਅਤੇ ਅੱਤਵਾਦੀ ਜਥੇਬੰਦੀ 'ਸਿੱਖਸ ਫਾਰ ਜਸਟਿਸ' (SFJ) ਦਾ ਮੁਖੀ ਹੈ। ਭਾਰਤ ਨੇ ਉਸ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਪੰਨੂ ਅਕਸਰ ਵੀਡੀਓਜ਼ ਰਾਹੀਂ ਭਾਰਤ ਨੂੰ ਧਮਕੀਆਂ ਦੇਣ ਅਤੇ ਦੇਸ਼ ਵਿਰੋਧੀ ਭਾਵਨਾਵਾਂ ਭੜਕਾਉਣ ਲਈ ਜਾਣਿਆ ਜਾਂਦਾ ਹੈ।
US-ਈਰਾਨ ਵਿਚਾਲੇ ਫਿਰ ਵਿਗੜੇ ਹਾਲਾਤ! ਟਰੰਪ ਨੇ ਰਵਾਨਾ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਜੰਗੀ ਬੇੜਾ
NEXT STORY