ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਜ਼ਿੰਦਾ ਹਨ ਜਾਂ ਨਹੀਂ, ਗੰਭੀਰ ਬੀਮਾਰੀ ਵਿਚੋਂ ਲੰਘ ਰਹੇ ਹਨ ਜਾਂ ਬ੍ਰੇਨ ਡੈੱਡ ਹੋ ਚੁੱਕੇ ਹਨ। ਇਹਨਾਂ ਸਾਰੇ ਸਵਾਲਾਂ ਤੋਂ ਅੱਜ ਪਰਦਾ ਉਠ ਗਿਆ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਲੈ ਕੇ ਸਾਰੀਆਂ ਅਟਕਲਾਂ 'ਤੇ ਉਸ ਸਮੇਂ ਬ੍ਰੇਕ ਲੱਗ ਗਈ ਜਦੋਂ ਕਰੀਬ 20 ਦਿਨਾਂ ਬਾਅਦ ਉਹ ਕਿਸੇ ਜਨਤਕ ਪ੍ਰੋਗਰਾਮ ਵਿਚ ਪਹਿਲੀ ਵਾਰ ਦਿਖਾਈ ਦਿੱਤੇ। 3 ਹਫਤੇ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਸ਼ੁੱਕਰਵਾਰ ਨੂੰ ਜਨਤਕ ਰੂਪ ਵਿਚ ਆਪਣੀ ਭੈਣ ਅਤੇ ਹੋਰ ਅਧਿਕਾਰੀਆਂ ਦੇ ਨਾਲ ਨਜ਼ਰ ਆਏ। ਉੱਤਰੀ ਕੋਰੀਆ ਦੀ ਸਟੇਟ ਮੀਡੀਆ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਕੁਝ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ।
ਰੋਡਾਂਗ ਸਿਨੁਮਨ ਅਖਬਾਰ ਦੀਆਂ ਤਸਵੀਰਾਂ ਵਿਚ ਕਿਨ ਜੋਂਗ ਉਨ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਸੇਂਚੋਨ ਵਿਚ ਸ਼ੁੱਕਰਵਾਰ ਨੂੰ ਇਕ ਖਾਦ ਦੀ ਫੈਕਟਰੀ ਵਿਚ ਇਕ ਸਮਾਰੋਹ ਵਿਚ ਹਿੱਸਾ ਲੈਂਦੇ ਦਿਖਾਏ ਗਏ ਹਨ। ਇਹਨਾਂ ਤਸਵੀਰਾਂ ਵਿਚ ਕਿਮ ਜੋਂਗ ਉਨ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਨਜ਼ਰ ਆ ਰਹੇ ਹਨ ਅਤੇ ਮੁਸਕੁਰਾਉਂਦੇ ਹੋਏ ਵੀ ਦਿਸ ਰਹੇ ਹਨ।
ਕੇ.ਸੀ.ਐੱਨ.ਏ. ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਕਿਮ ਆਪਣੀ ਭੈਣ ਕਿਮ ਯੋ ਜੋਂਗ ਦੇ ਨਾਲ-ਨਾਲ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਦਿਖਾਈ ਦਿੱਤੇ।
ਏਜੰਸੀ ਨੇ ਕਿਹਾ,''ਵਿਸ਼ਵ ਦੇ ਮਿਹਨਤੀ ਲੋਕਾਂ ਲਈ 1 ਮਈ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਖਾਦ ਦਾ ਉਤਪਾਦਨ ਕਰਨ ਵਾਲੀ ਕੰਪਨੀ ਸ਼ੰਚੋਨ ਫਾਸਫੇਟਿਕ ਫਰਟੀਲਾਈਜ਼ਰ ਵੱਲੋਂ ਆਯੋਜਿਤ ਸਮਾਰੋਹ ਵਿਚ ਕਿਮ ਸ਼ਾਮਲ ਹੋਏ।''
ਉੱਤਰੀ ਕੋਰੀਆਈ ਸ਼ਾਸਕ ਹਾਲ ਹੀ ਵਿਚ ਕਈ ਪ੍ਰੋਗਰਾਮਾਂ ਵਿਚ ਨਹੀਂ ਦਿਸੇ ਸਨ। ਇਸ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਿਮ ਜੋਂਗ ਉਨ 15 ਅਪ੍ਰੈਲ ਨੂੰ ਆਪਣੇ ਮਰਹੂਮ ਦਾਦਾ ਅਤੇ ਦੇਸ਼ ਦੇ ਸੰਸਥਾਪਕ ਕਿਮ ਇਲ-ਸੁੰਗ ਦੀ 108ਵੀਂ ਵਰ੍ਹੇਗੰਢ ਵਿਚ ਵੀ ਨਜ਼ਰ ਨਹੀਂ ਆਏ ਸਨ।
ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ
ਇੰਨਾ ਹੀ ਨਹੀਂ ਉਹ ਆਖਿਰੀ ਵਾਰ 11 ਅਪ੍ਰੈਲ ਨੂੰ ਹੀ ਇਕ ਬੈਠਕ ਵਿਚ ਦਿਸੇ। ਦੱਸਿਆ ਜਾ ਰਿਹਾ ਹੈ ਕਿ 2012 ਦੇ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਮ ਆਪਣੇ ਦਾਦਾ ਦੇ ਜਯੰਤੀ ਸਮਾਰੋਹ ਵਿਚ ਸ਼ਾਮਲ ਨਹੀਂ ਰਹੇ।
ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ
NEXT STORY