ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਇਕ ਵਾਰ ਮੁੜ ਰਫਤਾਰ ਫੜ੍ਹਦਾ ਜਾ ਰਿਹਾ ਹੈ ਤੇ ਇਸ ਦੌਰਾਨ ਓਨਟਾਰੀਓ ਸੂਬਾ ਇਸ ਦਾ ਗੜ੍ਹ ਬਣਦਾ ਦਿਖਾਈ ਦੇ ਰਿਹਾ ਹੈ। ਕੋਵਿਡ-19 ਦੇ ਨਵੇਂ ਮਾਮਲੇ ਓਨਟਾਰੀਓ ਵਿਚ ਲਗਾਤਾਰ ਦੂਜੇ ਦਿਨ 400 ਤੋਂ ਵਧੇਰੇ ਦਰਜ ਕੀਤੇ ਗਏ ਹਨ। ਇਸ ਦੀ ਜਾਣਕਾਰੀ ਸੀਟੀਵੀ ਕੈਨੇਡਾ ਵਲੋਂ ਦਿੱਤੀ ਗਈ ਹੈ।
ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕੋਵਿਡ-19 ਦੇ ਨਵੇਂ 407 ਮਾਮਲੇ ਦਰਜ ਕੀਤੇ ਹਨ ਜੋ ਕਿ 2 ਜੂਨ ਨੂੰ ਦਰਜ 446 ਮਾਮਲਿਆਂ ਤੋਂ ਬਾਅਦ ਸਭ ਤੋਂ ਵਧੇਰੇ ਹਨ। ਇੰਨਾ ਹੀ ਨਹੀਂ ਸ਼ੁੱਕਰਵਾਰ ਤੋਂ ਸ਼ਨੀਵਾਰ ਦਰਮਿਆਨ ਨਵੇਂ ਮਾਮਲੇ ਵਧੇਰੇ ਸਾਹਮਣੇ ਆਏ ਹਨ। ਸ਼ੱਕਰਵਾਰ ਨੂੰ ਕੋਰੋਨਾ ਵਾਇਰਸ ਦੇ 401 ਨਵੇਂ ਮਾਮਲੇ ਸਾਹਮਣੇ ਆਏ ਸਨ। ਜੇਕਰ ਬੀਤੇ ਸੱਤ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਮਾਮਲਿਆਂ ਦੀ ਔਸਤ ਗਿਣਤੀ 312 ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 39,000 ਟੈਸਟ ਕੀਤੇ ਗਏ, ਜੋ ਕਿ ਸੂਬੇ ਦਾ ਰਿਕਾਰਡ ਹੈ। ਜੇਕਰ ਟੈਸਟਾਂ ਦੀ ਗੱਲ ਕੀਤੀ ਜਾਵੇ ਤਾਂ ਪਾਜ਼ੇਟਿਵ ਮਰੀਜ਼ਾਂ ਦੀ ਦਰ 1 ਫੀਸਦੀ ਦੇ ਨੇੜੇ ਰਹੀ ਹੈ।
ਓਨਟਾਰੀਓ ਵਿਚ ਸ਼ਨੀਵਾਰ ਨੂੰ ਕੋਵਿਡ-19 ਨਾਲ ਸਬੰਧਿਤ ਇਕ ਮਰੀਜ਼ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ਵਿਚ ਮੌਤਾਂ ਦੀ ਗਿਣਤੀ 2,826 ਹੋ ਗਈ ਹੈ। ਸੂਬੇ ਵਿਚ ਇਨਫੈਕਟਿਡ ਮਰੀਜ਼ਾਂ ਦੀ ਕੁੱਲ ਗਿਣਤੀ 46,484 ਹੈ, ਜਿਨ੍ਹਾਂ ਵਿਚੋਂ 40,777 ਲੋਕ ਸਿਹਤਮੰਦ ਹੋ ਚੁੱਕੇ ਹਨ। ਇਸ ਵੇਲੇ ਸੂਬੇ ਦੇ ਹਸਪਤਾਲਾਂ ਵਿਚ 64 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 20 ਲੋਕਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ ਤੇ 10 ਲੋਕਾਂ ਨੂੰ ਵੈਂਟੀਲੇਟਰ ਸਪੋਰਟ ਦਿੱਤੀ ਹੈ।
ਸਿਹਤ ਵਿਭਾਗ ਨੇ ਦੱਸਿਆ ਕਿ ਸੂਬੇ ਵਿਚ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਸਭ ਤੋਂ ਵਧੇਰੇ ਗਿਣਤੀ 20 ਤੋਂ 39 ਸਾਲ ਦੇ ਨੌਜਵਾਨਾਂ (218) ਦੀ ਹੈ। ਇਸ ਦੌਰਾਨ 19 ਸਾਲ ਤੋਂ ਘੱਟ ਦੀ ਉਮਰ ਦੇ 72 ਮਾਮਲੇ ਸਾਹਮਣੇ ਆਏ ਹਨ।
ਮਨਜ਼ੂਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਵੰਡੀ ਜਾਵੇਗੀ ਕੋਰੋਨਾ ਵੈਕਸੀਨ : ਟਰੰਪ
NEXT STORY