ਇਸਲਾਮਾਬਾਦ (ਏਜੰਸੀ)- ਪਾਕਿਸਤਾਨ 'ਚ ਰਾਵਲਪਿੰਡੀ ਸ਼ਹਿਰ ਦੇ ਇਕ ਭੀੜ-ਭਾੜ ਵਾਲੇ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਬੰਬ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਜ਼ਖਮੀ ਹੋ ਗਏ। ਇਹ ਬਾਜ਼ਾਰ ਪਾਕਿਸਤਾਨੀ ਫੌਜੀ ਹੈੱਡਕੁਆਰਟਰ ਨੇੜੇ ਹੈ। ਪੁਲਸ ਬੁਲਾਰੇ ਸਜਿਦੁਲ ਹਸਨ ਨੇ ਦੱਸਿਆ ਕਿ ਇਹ ਬੰਬ ਧਮਾਕਾ ਸ਼ਹਿਰ ਦੇ ਸਦਰ ਬਾਜ਼ਾਰ ਇਲਾਕੇ 'ਚ ਹੋਇਆ ਹੈ। ਸ਼ੁਰੂਆਤੀ ਰਿਪੋਰਟ ਮੁਤਾਬਕ ਧਮਾਕਾਖੇਜ਼ ਸਮੱਗਰੀ ਨੂੰ ਬਿਜਲੀ ਦੇ ਇਕ ਪੋਲ ਵਿਚ ਲਗਾਇਆ ਗਿਆ ਸੀ।
ਧਮਾਕੇ ਵਾਲੀ ਥਾਂ ਨੇੜੇ ਕਾਫੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਜਾਂਚ ਦਸਤੇ ਅਤੇ ਫਾਰੈਂਸਿਕ ਸਾਇੰਸ ਲੈਬ ਦੇ ਮੁਲਾਜ਼ਮ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਰਹੇ ਹਨ।ਫਿਲਹਾਲ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਦਰ ਕੋਇਲਾ ਸੈਂਟਰ ਚੌਕ ਨੇੜੇ ਹੋਏ ਇਕ ਧਮਾਕੇ ਵਿਚ ਨਜ਼ਦੀਕੀ ਮਕਾਨਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇਹ ਧਮਾਕਾ ਇਕ ਮੋਟਰਸਾਈਕਲ 'ਚ ਹੋਇਆ ਜਿਸ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਸੁਰੱਖਿਆ ਮੁਲਾਜ਼ਮਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿਚੋਂ ਦੋ ਨੂੰ ਕੰਟੋਨਮੈਂਟ ਜਨਰਲ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਹੋਰ ਨੂੰ ਜ਼ਿਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਥਾਈਲੈਂਡ 'ਚ 15 ਜੂਨ ਤੋਂ ਹਟੇਗਾ ਕਰਫਿਊ
NEXT STORY