ਇਸਲਾਮਾਬਾਦ (ਬਿਊਰੋ)— ਕਸ਼ਮੀਰ ਮੁੱਦੇ 'ਤੇ ਬੌਖਲਾਇਆ ਪਾਕਿਸਤਾਨ ਆਪਣਾ ਗੁੱਸਾ ਕਈ ਤਰੀਕਿਆਂ ਨਾਲ ਜ਼ਾਹਰ ਕਰ ਰਿਹਾ ਹੈ। ਇਸੇ ਬੌਖਲਾਹਟ ਵਿਚ ਇਕ ਪਾਕਿਸਤਾਨੀ ਅਦਾਕਾਰਾ ਨੇ ਨੋਬਲ ਜੇਤੂ ਮਲਾਲਾ ਯੁਸਫਜ਼ਈ 'ਤੇ ਆਪਣੀ ਭੜਾਸ ਕੱਢੀ ਹੈ। ਪਾਕਿਸਤਾਨੀ ਅਦਾਕਾਰਾ ਮਥਿਰਾ ਨੇ ਨੋਬਲ ਜੇਤੂ ਪੁਰਸਕਾਰ ਨਾਲ ਸਨਮਾਨਿਤ ਮਲਾਲਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਲਾਲਾ ਨੂੰ ਆਪਣੀ ਡਰੈੱਸ ਦੀ ਚਿੰਤਾ ਕਰਨ ਦੀ ਬਜਾਏ ਪ੍ਰਿੰਅਕਾ ਚੋਪੜਾ ਅਤੇ ਕਸ਼ਮੀਰ 'ਤੇ ਟਵੀਟ ਕਰਨਾ ਚਾਹੀਦਾ ਹੈ।

ਅਸਲ ਵਿਚ ਭਾਰਤੀ ਹਵਾਈ ਫੌਜ ਦੀ ਤਾਰੀਫ ਕਰਦਿਆਂ ਪ੍ਰਿੰਅਕਾ ਚੋਪੜਾ ਨੇ ਇਕ ਟਵੀਟ ਕੀਤਾ ਸੀ, ਜਿਸ ਮਗਰੋਂ ਪਾਕਿਸਤਾਨ ਵਿਚ ਉਸ ਦੀ ਆਲੋਚਨਾ ਹੋਣ ਲੱਗੀ ਹੈ। ਮਥਿਰਾ ਨੇ ਲਿਖਿਆ,''ਮਲਾਲਾ ਆਈਫੋਨ ਦੇ ਬਾਰੇ ਵਿਚ ਟਵੀਟ ਕਰ ਰਹੀ ਹੈ ਪਰ ਕਸ਼ਮੀਰ ਦੇ ਬਾਰੇ ਵਿਚ ਨਹੀਂ। ਮੈਨੂੰ ਇਹ ਗੱਲ ਬਿਲਕੁੱਲ ਸਮਝ ਨਹੀਂ ਆ ਰਹੀ। ਪ੍ਰਿੰਅਕਾ ਚੋਪੜਾ ਅਤੇ ਕਸ਼ਮੀਰ 'ਤੇ ਉਸ ਦਾ ਟਵੀਟ ਮਦਦਗਾਰ ਸਾਬਤ ਹੋ ਸਕਦਾ ਹੈ ਪਰ ਉਨ੍ਹਾਂ ਨੂੰ ਆਈਫੋਨ ਅਤੇ ਆਪਣੀ ਡਰੈੱਸ ਦੀ ਚਿੰਤਾ ਸਤਾ ਰਹੀ ਹੈ।''
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਲੀਫੋਰਨੀਆ ਵਿਚ ਇਕ ਇਵੈਂਟ ਵਿਚ ਐਪਲ ਨੇ ਆਪਣਾ ਨਵਾਂ ਆਈਫੋਨ 11 ਲਾਂਚ ਕੀਤਾ ਸੀ। ਪਾਕਿਸਤਾਨੀ ਕਾਰਕੁੰਨ ਮਲਾਮਾ ਯੂਸਫਜ਼ਈ ਨੇ ਵੀ ਬਾਕੀ ਲੋਕਾਂ ਵਾਂਗ ਆਈਫੋਨ ਦੇ ਅਨੋਖੇ ਡਿਜ਼ਾਈਨ 'ਤੇ ਫਨੀ ਟਵੀਟ ਕੀਤਾ ਸੀ। ਮਲਾਲਾ ਨੇ ਆਈਫੋਨ ਦੇ ਟ੍ਰਿਪਲ ਕੈਮਰੇ ਵਾਲੇ ਡਿਜ਼ਾਈਨ ਨਾਲ ਮੇਲ ਖਾਂਦੀ ਆਪਣੀ ਡਰੈੱਸ ਦੀ ਤਸਵੀਰ ਸ਼ੇਅਰ ਕੀਤੀ ਸੀ। ਮਲਾਲਾ ਨੇ ਲਿਖਿਆ,''ਕੀ ਇਹ ਸਿਰਫ ਸੰਜੋਗ ਹੈ ਕਿ ਐਪਲ ਆਈਫੋਨ 11 ਦੀ ਲਾਂਚਿੰਗ ਵਾਲੇ ਦਿਨ ਮੈਂ ਵੀ ਇਸੇ ਡਿਜ਼ਾਈਨ ਦੀ ਇਕ ਡਰੈੱਸ ਪਹਿਨੀ ਹੋਈ ਹੈ।''
ਜਿੱਥੇ ਜ਼ਿਆਦਾਤਰ ਯੂਜ਼ਰਸ ਨੇ ਮਲਾਲਾ ਦੇ ਮਜ਼ਾਕ ਦੀ ਤਾਰੀਫ ਕੀਤੀ ਉੱਥੇ ਕੁਝ ਪਾਕਿਸਤਾਨੀ ਯੂਜ਼ਰਸ ਨੂੰ ਮਲਾਲਾ ਦਾ ਮਜ਼ਾਕੀਆ ਟਵੀਟ ਕਰਨਾ ਚੰਗਾ ਨਹੀਂ ਲੱਗਾ। ਪਾਕਿਸਤਾਨੀ ਯੂਜ਼ਰਸ ਨੇ ਲਿਖਿਆ ਕਿ ਮਲਾਲਾ ਕੋਲ ਕਸ਼ਮੀਰ 'ਤੇ ਟਵੀਟ ਕਰਨ ਲਈ ਸਮਾਂ ਨਹੀਂ ਹੈ ਜਦਕਿ ਉਹ ਆਈਫੋਨ ਨੂੰ ਲੈ ਕੇ ਫਨੀ ਟਵੀਟ ਪੋਸਟ ਕਰ ਰਹੀ ਹੈ। ਮਥਿਰਾ ਦੇ ਇਸ ਕੁਮੈਂਟ ਦੇ ਬਾਅਦ ਪਾਕਿਸਤਾਨ ਦੀ ਇਕ ਹੋਰ ਅਦਾਕਾਰਾ ਆਮੀਨਾ ਹੱਕ ਮਲਾਲਾ ਦੇ ਸਮਰਥਨ ਵਿਚ ਆਈ। ਉਸ ਨੇ ਲਿਖਿਆ,''ਇਹ ਦੁਖਦਾਈ ਹੈ ਕਿ ਮਥਿਰਾ ਮਲਾਲਾ 'ਤੇ ਨਿਸ਼ਾਨਾ ਸਾਧ ਰਹੀ ਹੈ ਅਤੇ ਕੁਝ ਪਬਲੀਕੇਸ਼ਨਜ਼ ਇਸ ਦਾ ਸਮਰਥਨ ਕਰ ਰਹੇ ਹਨ।''

ਮਥਿਰਾ ਨੇ ਫਿਰ ਮਲਾਲਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਲਿਖਿਆ,''ਲੋਕਾਂ ਨੂੰ ਆਪਣੇ ਪਲੇਟਫਾਰਮ ਨੂੰ ਅਦਾਕਾਰਾ ਮਹਿਵਿਸ਼ ਹਯਾਤ ਦੀ ਤਰ੍ਹਾਂ ਵਰਤਣਾ ਚਾਹੀਦਾ ਹੈ। ਉਨਾਂ ਨੇ ਬਹਾਦੁਰੀ ਨਾਲ ਆਪਣੀ ਗੱਲ ਦੁਨੀਆ ਦੇ ਸਾਹਮਣੇ ਰੱਖੀ। ਮਲਾਲਾ ਨੂੰ ਕਸ਼ਮੀਰੀਆਂ ਲਈ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹ ਵੀ ਇਕ ਛੋਟੀ ਜਿਹੀ ਬੱਚੀ ਸੀ ਜਿਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਪ੍ਰਿਅਤਾ ਅਤੇ ਵਡਿਆਈ ਦੇ ਚੱਕਰ ਵਿਚ ਉਨ੍ਹਾਂ ਨੂੰ ਆਪਣਾ ਅਤੀਤ ਭੁੱਲਣਾ ਨਹੀਂ ਚਾਹੀਦਾ।'' ਭਾਵੇਂਕਿ ਹੁਣ ਤੱਕ ਇਸ ਪੂਰੇ ਘਟਨਾਕ੍ਰਮ 'ਤੇ ਮਲਾਲਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਚੀਨ : ਚੇਂਗਦੁ 'ਚ ਤੂਫਾਨ ਕਾਰਨ 56 ਉਡਾਣਾਂ ਹੋਈਆਂ ਰੱਦ
NEXT STORY