ਇਸਲਾਮਾਬਾਦ (ਬਿਊਰੋ): ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਕਮਾਂਡਰ ਕਾਰੀ ਸੈਫੁੱਲਾ ਮਹਿਸੂਦ ਅਫਗਾਨਿਸਤਾਨ ਵਿਚ ਮਾਰ ਦਿੱਤਾ ਗਿਆ। ਐਤਵਾਰ ਨੂੰ ਸੰਗਠਨ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਮਹਿਸੂਦ ਨੂੰ ਖੋਰਤ ਸੂਬੇ ਦੇ ਗੁਲੂਨ ਕੈਂਪ ਦੇ ਬਾਹਰ ਕੁਝ ਬੰਦੂਕਧਾਰੀਆਂ ਨੇ ਮਾਰ ਦਿੱਤਾ। ਸੰਗਠਨ ਦੇ ਬੁਲਾਰੇ ਦੇ ਇਕ ਆਡੀਓ ਮੈਸੇਜ ਦੇ ਹਵਾਲੇ ਨਾਲ ਅਨਾਡੋਲੂ ਨਿਊਜ਼ ਏਜੰਸੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਬੁਲਾਰੇ ਦਾ ਦਾਅਵਾ ਹੈ ਕਿ ਮਹਿਸੂਦ 'ਤੇ ਹੱਕਾਨੀ ਨੈੱਟਵਰਕ ਵੱਲੋਂ ਹਮਲਾ ਕੀਤਾ ਗਿਆ ਸੀ। ਹੱਕਾਨੀ ਨੇ ਟੀ.ਟੀ.ਪੀ. ਦੇ ਹਕੀਮੁੱਲਾ ਮਹਿਸੂਦ ਗਰੁੱਪ ਦੇ 3 ਹੋਰ ਅੱਤਵਾਦੀਆਂ ਨੂੰ ਇਸ ਇਲਾਕੇ ਵਿਚ ਕੁਝ ਦਿਨ ਪਹਿਲਾਂ ਢੇਰ ਕਰ ਦਿੱਤਾ ਸੀ।
ਟੀ.ਟੀ.ਪੀ. ਦੀ ਸ਼ੁਰੂਆਤ ਸਾਲ 2007 ਵਿਚ ਬੈਤੁੱਲਾ ਮਹਿਸੂਦ ਨੇ ਕੀਤੀ ਸੀ ਅਤੇ ਹੁਣ ਇਹ ਚਾਰ ਗੁੱਟਾਂ ਵਿਚ ਵੰਡਿਆ ਗਿਆ ਹੈ। ਸਵਾਤ ਗਰੁੱਪ, ਮਹਿਸੂਦ ਗਰੁੱਪ, ਬਜਾਊਰ ਏਜੰਸੀ ਗਰੁੱਪ ਅਤੇ ਦਾਰਾ ਅਹਿਮਦਖੇਲ ਗਰੁੱਪ। ਕਾਰੀ ਸੈਫੁੱਲਾ ਮਹਿਸੂਦ ਉਹਨਾਂ ਅੱਤਵਾਦੀਆਂ ਵਿਚ ਸ਼ਾਮਲ ਸੀ ਜੋ ਪਾਕਿਸਤਾਨ ਅਥਾਰਿਟੀਜ਼ ਵੱਲੋਂ ਵਾਂਟੇਡ ਸੀ। ਦੇਸ਼ ਵਿਚ ਕਈ ਅੱਤਵਾਦੀ ਹਮਲਿਆਂ ਵਿਚ ਅਥਾਰਿਟੀਜ਼ ਉਸ ਦੀ ਤਲਾਸ਼ ਰਹੀਆਂ ਸਨ।
ਆਡੀਓ ਮੈਸੇਜ ਵਿਚ ਮਹਿਸੂਦ ਨੇ ਦਾਅਵਾ ਕੀਤਾ ਕਿ ਉਸ ਦੇ ਸੰਗਠਨ ਨੇ ਪਾਕਿਸਤਾਨ ਵਿਚ ਇਸ ਸਾਲ 75 ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਸਭ ਤੋਂ ਜ਼ਿਆਦਾ ਹਮਲੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਅਤੇ ਦੱਖਣੀ ਵਜੀਰੀਸਤਾਨ ਵਿਚ ਹੋਏ ਸਨ। ਭਾਵੇਂਕਿ ਅਧਿਕਾਰੀਆਂ ਵੱਲੋਂ ਉਸ ਦੇ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਮਾਹਰਾਂ ਦਾ ਮੰਨਣਾ ਹੈ ਕਿ ਮਹਿਸੂਦ ਦੀ ਮੌਤ ਟੀ.ਟੀ.ਪੀ. ਲਈ ਵੱਡਾ ਝਟਕਾ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਸੰਗਠਨ ਦੇ ਚਾਰੇ ਧੜਿਆਂ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਸੀ। ਮਹਿਸੂਦ ਨੇ ਸਾਲ 2015 ਵਿਚ ਕਰਾਚੀ ਵਿਚ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿਚ 45 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2016 ਵਿਚ ਉਸ ਨੂੰ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਵਿਚ ਗ੍ਰਿਫਤਾਰ ਕੀਤਾ ਸੀ ਅਤੇ 14 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਸੀ ਪਰ ਕੁਝ ਹੀ ਸਮੇਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਆਸਟਰੀਆ 'ਚ ਨਿਯੁਕਤ ਭਾਰਤੀ ਰਾਜਦੂਤ 'ਤੇ ਲੱਗੇ ਵਿੱਤੀ ਘਪਲੇ ਦੇ ਦੋਸ਼
NEXT STORY