ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਫ੍ਰਾਂਸੀਸੀ ਰਾਜਦੂਤ ਦੇ ਦੇਸ਼ ਨਿਕਾਲੇ ਸੰਬੰਧੀ ਬੁਲਾਏ ਗਏ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਜ਼ੋਰਦਾਰ ਹੰਗਾਮਾ ਹੋਇਆ। ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੰਸਦ ਵਿਚ ਹੀ ਸਪੀਕਰ ਅਸਦ ਕੈਸਰ ਨੂੰ ਬੂਟਾਂ ਨਾਲ ਮਾਰਨ ਦੀ ਧਮਕੀ ਦੇ ਦਿੱਤੀ। ਇਸ ਮਗਰੋਂ ਸੱਤਾ ਪੱਖ ਦੇ ਸਾਂਸਦਾਂ ਨੇ ਵੀ ਜ਼ੋਰਦਾਰ ਹੰਗਾਮਾ ਕੀਤਾ।ਇਸ ਘਟਨਾ ਸੰਬੰਧੀ ਵੀਡੀਓ ਵੀ ਵਾਇਰਲ ਹੋਇਆ ਹੈ। ਵਿਵਾਦ ਵੱਧਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ।
ਡਾਨ ਦੀ ਇਕ ਰਿਪੋਰਟ ਮੁਤਾਬਕ ਫ੍ਰਾਂਸੀਸੀ ਰਾਜਦੂਤ ਦੇ ਦੇਸ਼ ਨਿਕਾਲੇ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਾਲੇ ਪਾਕਿਸਤਾਨ ਦੀ ਸੰਸਦ ਵਿਚ ਇਹ ਹੰਗਾਮਾ ਹੋਇਆ। ਪਾਕਿਸਤਾਨ ਦੀ ਸਰਕਾਰ ਨੇ ਫ੍ਰਾਂਸੀਸੀ ਰਾਜਦੂਤ ਦੇ ਦੇਸ਼ ਨਿਕਾਲੇ ਨੂੰ ਲੈਕੇ ਸੰਸਦ ਵਿਚ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰਸਤਾਵ ਦੌਰਾਨ ਸੰਸਦ ਵਿਚ ਜੰਮ ਕੇ ਹੰਗਾਮਾ ਸ਼ੁਰੂ ਹੋ ਗਿਆ। ਸੱਤਾ ਅਤੇ ਵਿਰੋਧੀ ਧਿਰ ਵਿਚ ਬਹਿਸ ਇੰਨੀ ਵੱਧ ਗਈ ਕਿ ਅੱਬਾਸੀ ਆਪਣੀ ਮਰਿਯਾਦਾ ਭੁੱਲ ਗਏ। ਉਹਨਾਂ ਨੇ ਵਿਰੋਧੀ ਧਿਰ ਲਈ ਇਕ ਘੰਟੇ ਦਾ ਸਮਾਂ ਮੰਗਿਆ ਤਾਂ ਜੋ ਉਹ ਪ੍ਰਸਤਾਵ ਦੀ ਸਮੀਖਿਆ ਕਰ ਸਕਣ। ਅੱਬਾਸੀ ਦੀ ਇਸ ਮੰਗ ਨੂੰ ਸਪੀਕਰ ਨੇ ਖਾਰਿਜ ਕਰ ਦਿੱਤਾ। ਇਸ ਮਗਰੋਂ ਅੱਬਾਸੀ ਗੁੱਸਾ ਹੋ ਗਏ।
ਅੱਬਾਸੀ ਨੇ ਤੇਜ਼ ਆਵਾਜ਼ ਵਿਚ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਪੀਕਰ ਨੇ ਉਹਨਾਂ ਨੂੰ ਟੋਕਿਆ ਤਾਂ ਅੱਬਾਸੀ ਹੋਰ ਵਿਗੜ ਗਏ। ਉਹਨਾਂ ਨੇ ਸਪੀਕਰ ਨੂੰ ਕਿਹਾ ਕਿ ਬੂਟ ਲਾਹ ਕੇ ਮਾਰਾਂਗਾ, ਜਿਸ ਮਗਰੋਂ ਸਪੀਕਰ ਨੇ ਅੱਬਾਸੀ ਨੂੰ ਆਪਣੀ ਹੱਦ ਵਿਚ ਰਹਿਣ ਲਈ ਕਿਹਾ। ਇਸ 'ਤੇ ਮਾਮਲਾ ਹੋਰ ਵੱਧ ਗਿਆ। ਦੋਹਾਂ ਪੱਖਾਂ ਵੱਲੋਂ ਬਿਆਨਬਾਜ਼ੀ ਤੇਜ਼ ਹੋ ਗਈ।ਨੇਤਾਵਾਂ ਵਿਚਕਾਰ ਤਿੱਖੀ ਬਹਿਸ ਕੁਝ ਦੇਰ ਤੱਕ ਚੱਲਦੀ ਰਹੀ। ਬਾਅਦ ਵਿਚ ਹੰਗਾਮਾ ਵੱਧਦਾ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਭਾਵੇਂਕਿ ਅੱਬਾਸੀ ਦੇ ਇਸ ਵਤੀਰੇ ਦਾ ਵੀਡੀਓ ਵਾਇਰਲ ਹੋ ਗਿਆ। ਸਾਰੇ ਨੇਤਾਵਾਂ ਨੇ ਅਜਿਹੀ ਭਾਸ਼ਾ ਦੀ ਵਰਤੋਂ ਲਈ ਅੱਬਾਸੀ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਅਧਿਕਾਰਤ ਟਵਿੱਟਰ 'ਤੇ ਵੀ ਇਸ ਘਟਨਾ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਖਾਨ ਨੇ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ
ਉੱਥੇ ਕੇਂਦਰੀ ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਨੇ ਅੱਬਾਸੀ ਵੱਲੋਂ ਇਤਰਾਜ਼ਯੋਗ ਭਾਸ਼ਾ ਵਰਤਣ 'ਤੇ ਆਲੋਚਨਾ ਕੀਤੀ ਹੈ। ਰਿਪੋਰਟ ਮੁਤਾਬਕ ਤਹਿਰੀਕ-ਏ-ਇਨਸਾਫ ਦੇ ਸਾਂਸਦ ਅਮਜ਼ਦ ਅਲੀ ਖਾਨ ਨੇ ਸੰਸਦ ਵਿਚ ਫ੍ਰਾਂਸੀਸੀ ਰਾਜਦੂਤ ਨੂੰ ਬਾਹਰ ਕੱਢਣ ਲਈ ਪ੍ਰਸਤਾਵ ਪੇਸ਼ ਕੀਤਾ ਸੀ। ਉਹਨਾਂ ਨੇ ਇਸ ਮਾਮਲੇ 'ਤੇ ਚਰਚਾ ਕਰਨ ਲਈ ਇਕ ਵਿਸ਼ੇਸ਼ ਸੰਸਦੀ ਕਮੇਟੀ ਦੇ ਗਠਨ ਦੀ ਵੀ ਅਪੀਲ ਕੀਤੀ, ਜਿਸ ਮਗਰੋਂ ਸੰਸਦੀ ਮਾਮਲਿਆਂ ਦੇ ਮੰਤਰੀ ਅਲੀ ਮੁਹੰਮਦ ਖਾਨ ਨੇ ਕਮੇਟੀ ਦੇ ਗਠਨ ਲਈ ਦੂਜਾ ਪ੍ਰਸਤਾਵ ਪੇਸ਼ ਕੀਤਾ। ਕਮੇਟੀ ਬਣਾਉਣ ਦੇ ਪ੍ਰਸਤਾਵ ਦਾ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਨੇਤਾਵਾਂ ਨੇ ਵਿਰੋਧ ਕੀਤਾ ਸੀ ਪਰ ਸਪੀਕਰ ਅਸਦ ਕੈਸਰ ਨੇ ਵਿਰੋਧੀ ਪਾਰਟੀ ਦੇ ਵਿਰੋਧ ਨੂੰ ਅਣਸੁਣਾ ਕਰਦਿਆਂ ਕਮੇਟੀ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਜਿਸ ਮਗਰੋਂ ਪੀ.ਐੱਮ.ਐੱਲ-ਐੱਨ ਦੇ ਦਿੱਗਜ਼ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਇਕ ਘੰਟੇ ਦਾ ਸਮਾ ਮੰਗਿਆ। ਫਿਰ ਇਸੇ ਗੱਲ ਨੂੰ ਲੈਕੇ ਅੱਬਾਸੀ ਅਤੇ ਸਪੀਕਰ ਵਿਚਾਲੇ ਟਕਰਾਅ ਹੋਇਆ ਜਿਸ ਮਗਰੋਂ ਅੱਬਾਸੀ ਨੇ ਇਹ ਸ਼ਬਦ ਕਹੇ। ਇਸ ਘਟਨਾ ਦਾ ਵੀਡੀਓ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।
ਇਟਲੀ : ਕਈ ਮਰਹੂਮ ਭਾਰਤੀਆਂ ਨੂੰ ਜਾਂਦੀ ਵਾਰ ਮਾਪਿਆਂ ਨਾਲ ਮਿਲਾ ਚੁੱਕੀ ਹੈ 'ਹੈਂਡ ਟੂ ਹੈਂਡ' ਸੰਸਥਾ
NEXT STORY