ਇੰਟਰਨੈਸ਼ਨਲ ਡੈਸਕ- ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਵੱਡੀ ਵਿੱਤੀ ਰਾਹਤ ਮਿਲੀ ਹੈ। ਸਾਊਦੀ ਅਰਬ ਨੇ ਪਾਕਿਸਤਾਨ ਨੂੰ ਦਿੱਤੀ ਗਈ 3 ਅਰਬ ਅਮਰੀਕੀ ਡਾਲਰ ਦੀ ਵਿੱਤੀ ਮਦਦ ਦੀ ਮਿਆਦ ਨੂੰ ਹੋਰ ਵਧਾ ਦਿੱਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਬੁੱਧਵਾਰ ਨੂੰ ਸੰਸਦ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ।
ਸਾਊਦੀ ਅਰਬ ਨੇ ਇਹ 3 ਅਰਬ ਡਾਲਰ ਦੀ ਮਦਦ ਇਸੇ ਸਾਲ ਅਪ੍ਰੈਲ 'ਚ ਦਿੱਤੀ ਸੀ, ਜਿਸ ਦੀ ਮਿਆਦ 31 ਅਕਤੂਬਰ ਨੂੰ ਪੂਰੀ ਹੋ ਚੁੱਕੀ ਸੀ। ਸਾਊਦੀ ਨੇ ਪਾਕਿਸਤਾਨ ਨੂੰ ਇਹ ਰਕਮ ਉਸ ਸਮੇਂ ਦਿੱਤੀ ਸੀ ਜਦੋਂ ਪਾਕਿਸਤਾਨ ਨੇ ਸਾਊਦੀ ਦੇ ਪੁਰਾਣੇ 3.5 ਅਰਬ ਡਾਲਰ ਦੇ ਕਰਜ਼ੇ ਨੂੰ ਵਾਪਸ ਕਰ ਦਿੱਤਾ ਸੀ। ਵਿੱਤ ਮੰਤਰੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਰਣਨੀਤਕ ਸਬੰਧਾਂ ਦੇ ਮੱਦੇਨਜ਼ਰ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹਾਲਾਂਕਿ ਪਾਕਿਸਤਾਨ ਨੂੰ ਹੋਰ ਕਿੰਨੀ ਮਹੌਲਤ ਦਿੱਤੀ ਗਈ ਹੈ, ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਵਿੱਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਊਦੀ ਅਰਬ ਵੱਲੋਂ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਹਾਰਾ ਦੇਣ ਲਈ ਦਿੱਤਾ ਗਿਆ 5 ਅਰਬ ਡਾਲਰ ਦਾ ਹੋਰ ਫੰਡ ਪਹਿਲਾਂ ਹੀ 2028 ਤੱਕ ਲਈ ਵਧਾਇਆ ਜਾ ਚੁੱਕਾ ਹੈ। ਔਰੰਗਜ਼ੇਬ ਨੇ ਦੱਸਿਆ ਕਿ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਐਗਜ਼ੀਕਿਊਟਿਵ ਬੋਰਡ ਦੀ ਬੈਠਕ ਦਸੰਬਰ 'ਚ ਹੋਵੇਗੀ, ਜਿਸ 'ਚ ਪਾਕਿਸਤਾਨ ਨੂੰ 1.2 ਅਰਬ ਡਾਲਰ ਦੀ ਅਗਲੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਾਕਿ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੌਰਾਨ ਆਪਣੇ ਬਾਹਰੀ ਕਰਜ਼ੇ 'ਚ 4 ਅਰਬ ਡਾਲਰ ਦੀ ਕਟੌਤੀ ਕਰਨ ਦਾ ਟੀਚਾ ਰੱਖਿਆ ਹੈ। ਪਾਕਿਸਤਾਨ ਦਾ ਬਾਹਰੀ ਕਰਜ਼ਾ 2014-15 'ਚ 45 ਅਰਬ ਡਾਲਰ ਤੋਂ ਵਧ ਕੇ ਲਗਭਗ 100 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ, ਜਿਸ ਕਾਰਨ ਪੂਰਾ ਦੇਸ਼ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ ਤੇ ਉਸ ਲਈ ਇਹ ਕਰਜ਼ੇ ਮੋੜਨਾ ਬੇਹੱਦ ਮੁਸ਼ਕਲ ਸਾਬਿਤ ਹੋ ਰਿਹਾ ਹੈ।
ਚੋਣ ਨਤੀਜਿਆਂ ਨੇ ਵਿਗਾੜਿਆ ਟਰੰਪ ਦਾ 'ਮੂਡ ', ਕਰਨ ਲੱਗੇ ਅਜੀਬ ਹਰਕਤਾਂ
NEXT STORY