ਰਿਆਦ— ਸਾਊਦੀ ਅਰਬ ਦੀਆਂ ਔਰਤਾਂ 'ਚ ਖੁਸ਼ੀ ਦਾ ਉਸ ਵੇਲੇ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਸਪੋਰਟ ਅਪਲਾਈ ਕਰਨ ਤੋਂ 15 ਮਿੰਟਾਂ ਦੇ ਅੰਦਰ ਹੀ ਪਾਸਪੋਰਟ ਉਨ੍ਹਾਂ ਦੇ ਹੱਥ 'ਚ ਹੋਵੇਗਾ। ਇਸ ਦੀ ਜਾਣਕਾਰੀ ਸਾਊਦੀ ਅਰਬ ਮੀਡੀਆ ਵਲੋਂ ਦਿੱਤੀ ਗਈ ਹੈ।
ਮੱਕਾ ਸੂਬੇ ਦੇ ਪਾਸਪੋਰਟ ਵਿਭਾਗ ਦੇ ਡਾਇਰੈਕਟਰ ਮੇਜਰ ਜਨਰਲ ਅਬੇਦ ਅਲ-ਹਾਰਥੀ ਨੇ ਸਾਊਦੀ ਗਜ਼ਟ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਦੇਸ਼ 'ਚ ਪਾਸਪੋਰਟ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਸ ਗਿਣਤੀ 'ਚ ਔਰਤਾਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪਾਰਸਪੋਰਟ ਕੇਂਦਰਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ 21 ਸਾਲ ਤੋਂ ਵਧੇਰੇ ਉਮਰ ਦੇ ਬਿਨੈਕਾਰ ਨੂੰ ਬਿਨਾਂ ਕਿਸੇ ਪਾਬੰਦੀ ਦੇ ਪਾਸਪੋਰਟ ਜਾਰੀ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 21 ਸਾਲ ਦੀ ਉਮਰ ਤੋਂ ਵਧੇਰੇ ਦੇ ਸਿਰਫ ਪੁਰਸ਼ ਹੀ ਪਾਸਪੋਰਟ ਅਪਲਾਈ ਕਰ ਸਕਦੇ ਹਨ ਤੇ ਔਰਤਾਂ ਨੂੰ ਇਸ ਲਈ ਆਪਣੇ ਪਰਿਵਾਰ ਦੀ ਸਹਿਮਤੀ ਦੀ ਲੋੜ ਹੁੰਦੀ ਸੀ। ਪਰੰਤੂ ਹੁਣ ਜੇਕਰ ਕਿਸੇ ਔਰਤ ਦੀ ਉਮਰ 21 ਸਾਲ ਤੋਂ ਵਧੇਰੇ ਹੈ ਤਾਂ ਉਹ ਬਿਨਾਂ ਕਿਸੇ ਪਾਬੰਦੀ ਦੇ ਪਾਸਪੋਰਟ ਅਪਲਾਈ ਕਰ ਸਕਦੀ ਹੈ।
ਇਕ ਮਹਿਲਾ ਬਿਨੈਕਾਰ ਨੇ ਸਾਊਦੀ ਗਜ਼ਟ ਨੂੰ ਦੱਸਿਆ ਕਿ ਉਸ ਦੇ ਪਾਸਪੋਰਟ ਲਈ ਅਪਲਾਈ ਕਰਨ ਤੋਂ ਸਿਰਫ 15 ਮਿੰਟ ਦੇ ਵਿਚਾਲੇ ਉਸ ਨੂੰ ਪਾਸਪੋਰਟ ਜਾਰੀ ਕਰ ਦਿੱਤਾ ਗਿਆ। ਇਕ ਹੋਰ ਮਹਿਲਾ ਬਿਨੈਕਾਰ ਨੇ ਕਿਹਾ ਕਿ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਉਹ ਖੁਦ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੀ ਹੈ। ਪਾਸਪੋਰਟ ਡਾਇਰੈਕਟਰ ਨੇ ਕਿਹਾ ਕਿ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਹੁਣ ਕੋਈ ਟੈਕਸਟ ਮੈਸੇਜ ਵੀ ਬਿਨੈਕਾਰ ਦੇ ਪਰਿਵਾਰ ਨੂੰ ਨਹੀਂ ਭੇਜਿਆ ਜਾਵੇਗਾ।
ਕੁਝ ਦਿਨ ਪਹਿਲਾਂ ਹੀ ਸਾਊਦੀ ਨੇ ਆਪਣੇ ਦੇਸ਼ ਦੀਆਂ ਔਰਤਾਂ ਦੀ ਇਕੱਲੇ ਯਾਤਰਾ ਕਰਨ ਦੀ ਪਾਬੰਦੀ ਵੀ ਹਟਾ ਦਿੱਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਿਤੇ ਵੀ ਇਕੱਲੇ ਯਾਤਰਾ ਕਰਨ ਦੀ ਆਗਿਆ ਨਹੀਂ ਸੀ। ਯਾਤਰਾ ਲਈ ਉਨ੍ਹਾਂ ਦੇ ਪਰਿਵਾਰ ਦੀ ਰਜ਼ਾਮੰਦੀ ਲਾਜ਼ਮੀ ਹੁੰਦੀ ਸੀ।
'ਅਮੇਜ਼ਨ ਜੰਗਲ ਅੱਗ' ਕਾਰਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਪੂਰੀ ਦੁਨੀਆ 'ਚ ਨਿੰਦਾ
NEXT STORY