ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਐਤਵਾਰ ਨੂੰ ਬੇਭਰੋਸਗੀ ਮਤੇ ’ਤੇ ਵੋਟਾਂ ਪੈਣਗੀਆਂ। ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਅਸੈਂਬਲੀ ਦਾ ਸਮਾਗਮ ਸਵੇਰੇ 11.30 ਵਜੇ ਇਸ ਮੰਤਵ ਲਈ ਸੱਦਿਆ ਗਿਆ ਹੈ। ਉਸ ਪਿੱਛੋਂ ਇਮਰਾਨ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਹੋ ਜਾਵੇਗਾ। ਇਮਰਾਨ ਨੇ ਕਿਹਾ ਹੈ ਕਿ ਵਿਰੋਧੀ ਧਿਰ ਵੱਲੋਂ ਸੰਸਦ ’ਚ ਉਨ੍ਹਾਂ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕਰਨ ਪਿੱਛੋਂ ਫੌਜ ਨੇ ਮੈਨੂੰ 3 ਬਦਲ ਦਿੱਤੇ ਸਨ। ਪਹਿਲਾ ਅਸਤੀਫ਼ਾ, ਦੂਜਾ ਬੇਭਰੋਸਗੀ ਮਤੇ ’ਤੇ ਵੋਟਾਂ ਅਤੇ ਤੀਜਾ ਚੋਣਾਂ। ਪਾਕਿਸਤਾਨ ਦੇ 73 ਸਾਲ ਤੋਂ ਵੱਧ ਦੇ ਲੰਬੇ ਇਤਿਹਾਸ ’ਚ ਇਸ ’ਤੇ ਅੱਧੇ ਤੋਂ ਵੱਧ ਸਮੇਂ ਤੱਕ ਫੌਜ ਦੀ ਹਕੂਮਤ ਰਹੀ ਹੈ। ਦੇਸ਼ ’ਚ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਮਾਮਲਿਆਂ ’ਚ ਹੁਣ ਤੱਕ ਫੌਜ ਦਾ ਬਹੁਤ ਦਖਲ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਵਿਰੋਧੀ ਧਿਰ, ਸੱਤਾ ਧਿਰ ਜਾਂ ਕਿਸੇ ਹੋਰ ਧਿਰ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਜਾਂ ਅਸਤੀਫ਼ਾ ਦੇਣ ਦਾ ਬਦਲ ਦਿੱਤਾ ਸੀ ਤਾਂ ਇਮਰਾਨ ਨੇ ਕਿਹਾ ਕਿ ਮੇਰੇ ਸਾਹਮਣੇ 3 ਬਦਲ ਰੱਖੇ ਗਏ ਸਨ।
ਇਮਰਾਨ ਨੇ ਸ਼ਨੀਵਾਰ ਸ਼ਾਮ ਲੋਕਾਂ ਨਾਲ ਲਾਈਵ ਸੈਸ਼ਨ ’ਚ ਕਿਹਾ ਕਿ ਅਮਰੀਕਾ ਅਤੇ ਵਿਰੋਧੀ ਧਿਰ ਵੱਲੋਂ ਮਿਲ ਕੇ ਮੇਰੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਾਜ਼ਿਸ਼ ਤੇ ਅਮਰੀਕਾ ਵਿਰੁੱਧ ਸੜਕਾਂ ’ਤੇ ਉਤਰਨ।
ਵਿਰੋਧੀ ਆਗੂਆਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਤਿਆਰੀ
ਐਤਵਾਰ ਬੇਭਰੋਸਗੀ ਮਤੇ ਤੋਂ ਪਹਿਲਾਂ ਪਾਕਿਸਤਾਨ ਦੀ ਸਿਆਸਤ ’ਚ ਕੁਝ ਬਹੁਤ ਵੱਡਾ ਅਤੇ ਖਤਰਨਾਕ ਕੰਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇਮਰਾਨ ਖਾਨ ਨੇ ਸ਼ੁੱਕਰਵਾਰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ‘ਸੰਡੇ ਸਰਪ੍ਰਾਈਜ਼’ ਦੇਣਗੇ। ਉਨ੍ਹਾਂ ਦੇ ਇਸ ਕਥਿਤ ਸਰਪ੍ਰਾਈਜ਼ ਦੀ ਕੁਝ ਜਾਣਕਾਰੀ ਸ਼ਨੀਵਾਰ ਰਾਤ ਬਾਹਰ ਆਈ। ਰਿਪੋਰਟਾਂ ਦੀ ਮੰਨੀਏ ਤਾਂ ਐਤਵਾਰ ਦੀ ਸਵੇਰ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਚੋਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ।
ਫੌਜ ਅਤੇ ਇਮਰਾਨ ਖਾਨ ਦੇ ਬਹੁਤ ਨੇੜੇ ਮੰਨੇ ਜਾਣ ਵਾਲੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅੰਸਾਰ ਅੱਬਾਸੀ ਮੁਤਾਬਕ ਇਮਰਾਨ ਖਾਨ ਸਰਕਾਰ ਕਿਸੇ ਵੀ ਸਮੇਂ ਵਿਰੋਧੀ ਧਿਰ ਦੇ ਸਭ ਆਗੂਆਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਗ੍ਰਿਫਤਾਰੀ ਤੋਂ ਪਹਿਲਾਂ ਸਭ ਵਿਰੁੱਧ ਦੇਸ਼ ਨਾਲ ਗੱਦਾਰੀ ਦਾ ਮਾਮਲਾ ਦਰਜ ਕੀਤਾ ਜਾਏਗਾ। ਇਸ ਸਬੰਧੀ ਖੁਫੀਆ ਬੈਠਕਾਂ ਹੋ ਚੁੱਕੀਆਂ ਹਨ। ਵਿਰੋਧੀ ਆਗੂਆਂ ’ਤੇ ਇਕ ਧਾਰਾ ਦੇਸ਼ ਵਿਰੁੱਧ ਵਿਦੇਸ਼ੀ ਸਾਜ਼ਿਸ਼ ’ਚ ਸ਼ਾਮਲ ਹੋਣ ਦੀ ਲਾਈ ਜਾਏਗੀ। ਇਸ ਸਬੰਧੀ ਅਧਿਕਾਰ ਸਰਕਾਰ ਕੋਲ ਹੈ।
ਜਹਾਜ਼ ਹਾਦਸੇ ਦੀ ਜਾਂਚ 'ਚ ਮਦਦ ਲਈ ਅਮਰੀਕੀ ਜਾਂਚਕਰਤਾ ਪਹੁੰਚੇ ਚੀਨ
NEXT STORY