ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਆਪਣੇ ਰਾਜਭਾਗ ਦੇ ਮਾਲਕ ਰਹੇ ਸਿੱਖਾਂ ਲਈ ਇਸ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਕਦੇ ਅਜਿਹਾ ਵਕਤ ਵੀ ਆਵੇ ਕਿ ਉਹਨਾਂ ਦੀ ਮਲਕੀਅਤ ਵਾਲੇ ਧਾਰਮਿਕ ਗ੍ਰੰਥ ਜਾਂ ਹੋਰ ਵਸਤਾਂ "ਕਿਸੇ ਹੋਰ ਕੋਲੋਂ" ਇਜਾਜ਼ਤ ਲੈ ਕੇ ਦੇਖਣੀਆਂ ਪੈਣ। ਭਾਰਤ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਬਰਤਾਨਵੀ ਸ਼ਾਸਕਾਂ ਨੇ ਭਾਰਤ ਦੀਆਂ ਇਤਿਹਾਸਿਕ ਤੇ ਅਮੁੱਲੀਆਂ ਵਸਤਾਂ ਹੀ ਬਰਤਾਨੀਆਂ ਵਿੱਚ ਨਹੀਂ ਲਿਆਂਦੀਆਂ ਸਗੋਂ ਧਾਰਮਿਕ ਬੀੜਾਂ ਵੀ ਲੈ ਕੇ ਆਏ। ਸਕਾਟਲੈਂਡ ਦੀ ਐਡਿਨਬਰ ਯੂਨੀਵਰਸਿਟੀ ਵੱਲੋਂ 175 ਸਾਲਾਂ ਬਾਅਦ ਪਹਿਲੀ ਵਾਰ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਗਤ ਦੇ ਦਰਸ਼ਨਾਂ ਲਈ ਯੂਨੀਵਰਸਿਟੀ ਤੋਂ ਬਾਹਰ ਲਿਜਾਣ ਦੀ ਇਜਾਜ਼ਤ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਉਕਤ ਹੱਥ ਲਿਖਤ ਬੀੜ ਦਾ ਸਬੰਧ ਮਹਾਰਾਜਾ ਖੜਕ ਸਿੰਘ ਨਾਲ ਦੱਸਿਆ ਜਾ ਰਿਹਾ ਹੈ। ਇਸ ਪੁਰਾਤਨ ਹੱਥ ਲਿਖਤ ਬੀੜ ਦੀ ਸਿਆਹੀ ਵਿੱਚ ਸੋਨਾ ਵਰਤਿਆ ਗਿਆ ਹੈ। ਮਹਾਰਾਣੀ ਵਿਕਟੋਰੀਆ ਨੂੰ ਕੋਹਿਨੂਰ ਹੀਰਾ ਭੇਂਟ ਕਰਨ ਵਾਲੇ ਸਰ ਜੋਹਨ ਸਪੈਂਸਰ ਲੋਗਿਨ ਵੱਲੋਂ ਇਹ ਬੀੜ ਯੂਨੀਵਰਸਿਟੀ ਆਫ ਐਡਿਨਬਰਾ ਨੂੰ ਸਪੁਰਦ ਕੀਤੀ ਸੀ। ਕਿਹਾ ਜਾਂਦਾ ਹੈ ਕਿ ਉਕਤ ਪੁਰਾਤਨ ਹੱਥ ਲਿਖਤ ਬੀੜ ਮਹਾਰਾਜਾ ਖੜਕ ਸਿੰਘ ਕੋਲ ਸੀ ਤੇ ਬਰਤਾਨੀਆ ਲਿਆਉਣ ਲਈ ਦੁੱਲੇਵਾਲਾ ਦੇ ਕਿਲੇ 'ਚੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਸੀ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਹੱਥ ਲਿਖਤ ਬੀੜ ਉੱਪਰ ਖੋਜ ਹੋ ਰਹੀ ਹੈ ਪਰ ਇਸ ਬੀੜ ਨਾਲ ਮਿਲੇ ਰੋਇਲ ਏਸ਼ੀਆਟਿਕ ਸੋਸਾਇਟੀ ਦੇ 1851 ਦੇ ਪੱਤਰਾਂ ਵਿੱਚੋਂ ਵੀ ਬਹੁਤ ਜਾਣਕਾਰੀ ਪ੍ਰਾਪਤ ਹੋਈ ਹੈ।

ਬੀਤੇ ਦਿਨੀ ਇਸ ਬੀੜ ਨੂੰ ਐਡਿਨਬਰਾ ਦੇ ਸ਼ੈਰਿਫ ਬਰੇਅ ਗੁਰਦੁਆਰਾ ਸਾਹਿਬ ਲੀਥ ਵਿਖੇ ਸੰਗਤ ਦੇ ਦਰਸ਼ਨਾਂ ਲਈ ਲਿਆਂਦਾ ਗਿਆ ਸੀ। ਕਿਸੇ ਵੇਲੇ ਖਾਲਸਾ ਰਾਜ ਦੀ ਸੰਪਤੀ ਰਹੀ ਉਕਤ ਬੀੜ ਨੂੰ ਹੁਣ 175 ਸਾਲਾਂ ਬਾਅਦ ਵਿਸ਼ੇਸ਼ ਇਜਾਜ਼ਤ ਦੇ ਕੇ ਮਹਿਜ ਕੁਝ ਘੰਟਿਆਂ ਲਈ ਹੀ ਯੂਨੀਵਰਸਿਟੀ ਤੋਂ ਬਾਹਰ ਲਿਆਉਣ ਦੀ ਆਗਿਆ ਮਿਲੀ ਸੀ। ਗੁਰੂ ਘਰ ਕਮੇਟੀ ਤੇ ਸੰਗਤਾਂ ਵੱਲੋਂ ਬਹੁਤ ਹੀ ਸਤਿਕਾਰ ਸਹਿਤ ਪੁਰਾਤਨ ਹੱਥ ਲਿਖਤ ਬੀੜ ਨੂੰ ਗੁਰਦੁਆਰਾ ਸਾਹਿਬ ਲਿਆਂਦਾ ਗਿਆ ਤੇ ਗਿਆਨੀ ਹਿੰਮਤ ਸਿੰਘ ਜੀ ਉਹਨਾਂ ਇਤਿਹਾਸਿਕ ਪਲਾਂ ਦੇ ਗਵਾਹ ਬਣੇ ਜਦੋਂ ਉਹਨਾਂ ਨੇ ਇਸ ਬੀੜ ਦਾ ਪ੍ਰਕਾਸ਼ ਕਰਕੇ ਸੰਗਤ ਲਈ ਵਾਕ ਲਏ। ਇਸ ਸਮੇਂ ਦਾ ਮਾਹੌਲ ਬਹੁਤ ਹੀ ਭਾਵਕ ਕਰਨ ਵਾਲਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਦੇਖ ਕੇ ਬਹੁਤ ਸਾਰੀਆਂ ਸੰਗਤਾਂ ਦੀਆਂ ਅੱਖਾਂ ਦੇ ਕੋਏ ਵੀ ਗਿੱਲੇ ਹੋਏ ਦੇਖੇ ਗਏ। ਇਸ ਸੰਬੰਧੀ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਟਰਸਟੀ ਸਰਦਾਰ ਸੁਰਜੀਤ ਸਿੰਘ ਚੌਧਰੀ ਨੇ ਗੱਲਬਾਤ ਦੌਰਾਨ ਗਲਾਸਗੋ ਦੀਆਂ ਸੰਗਤਾਂ ਨੂੰ ਯਕੀਨ ਦਵਾਇਆ ਕਿ ਬਹੁਤ ਜਲਦੀ ਉਕਤ ਪੁਰਾਤਨ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗਲਾਸਗੋ ਵਿਖੇ ਵੀ ਸੰਗਤਾਂ ਦੇ ਦਰਸ਼ਨਾਂ ਲਈ ਲਿਆਂਦੀ ਜਾਵੇਗੀ।
ਸਜ਼ਾ-ਏ-ਮੌਤ ਤੋਂ ਬਾਅਦ ਹੁਣ ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਕੋਲ ਸਿਰਫ਼ 30 ਦਿਨ!
NEXT STORY