ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਇੱਕ ਵੱਡੇ ਨਕਲੀ ਵਿਆਹ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਹ ਗਿਰੋਹ ਖਾਸ ਤੌਰ 'ਤੇ ਉਨ੍ਹਾਂ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਨ੍ਹਾਂ ਦੇ ਪੁੱਤਰ ਲੰਬੇ ਸਮੇਂ ਤੋਂ ਵਿਆਹ ਨਹੀਂ ਕਰਵਾ ਪਾ ਰਹੇ ਸਨ। ਗਿਰੋਹ ਦੇ ਮੈਂਬਰ ਲਾੜੀ ਮੁਹੱਈਆ ਕਰਵਾਉਣ ਦੇ ਬਦਲੇ ਲਾੜੇ ਦੇ ਪਰਿਵਾਰ ਤੋਂ ਦੋ ਲੱਖ ਰੁਪਏ ਤੱਕ ਵਸੂਲਦੇ ਸਨ। ਇਹ ਰਕਮ ਪੰਜਾਬ ਵਿੱਚ ਵਿਆਹ ਲਈ ਕੁੜੀ ਲੱਭਣ ਦੇ ਖਰਚੇ ਵਜੋਂ ਲਈ ਜਾਂਦੀ ਸੀ। ਵਿਆਹ ਤੋਂ ਬਾਅਦ, ਲਾੜੀ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਜਾਂਦੀ ਸੀ।
ਪੰਜ ਮੁਲਜ਼ਮ ਗ੍ਰਿਫ਼ਤਾਰ, ਤਿੰਨ ਪੰਜਾਬ ਤੋਂ
ਨਗਰੋਟਾ ਬਾਗਵਾਨ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਇੱਕ ਘਟਨਾ ਦੇ ਆਧਾਰ 'ਤੇ ਪੁਲਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿੱਚੋਂ ਤਿੰਨ ਪੰਜਾਬ ਦੇ ਹਨ ਤੇ ਦੋ ਕਾਂਗੜਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 40 ਸਾਲਾ ਰਾਜਪ੍ਰੀਤ ਕੌਰ (ਲੁਧਿਆਣਾ), 30 ਸਾਲਾ ਰੇਣੂ (ਜਲੰਧਰ), ਅਤੇ 35 ਸਾਲਾ ਬਲਵੰਤ ਸਿੰਘ (ਲੁਧਿਆਣਾ) ਸ਼ਾਮਲ ਹਨ। ਕਾਂਗੜਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿੱਚ 39 ਸਾਲਾ ਆਰਤੀ ਅਤੇ 43 ਸਾਲਾ ਪ੍ਰਦੀਪ ਕੁਮਾਰ ਵਾਸੀ ਹਿਮਾਚਲ ਸ਼ਾਮਲ ਹਨ।
20 ਦਿਨ ਬਾਅਦ ਫਰਾਰ ਹੋ ਗਈ ਸੀ ਲਾੜੀ
ਪੁਲਸ ਨੂੰ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ। ਨਗਰੋਟਾ ਬਾਗਵਾਨ ਵਿਧਾਨ ਸਭਾ ਹਲਕੇ ਦੇ ਪਟਿਆਲਾਕੜ ਦੇ ਇੱਕ ਘਰ ਵਿੱਚ ਇਸ ਗਿਰੋਹ ਦੀ ਇੱਕ ਔਰਤ ਨੇ ਵਿਆਹ ਕਰਵਾਇਆ ਸੀ। ਇਹ ਵਿਆਹ ਅਗਸਤ ਮਹੀਨੇ ਵਿੱਚ ਹੋਇਆ ਸੀ। ਵਿਆਹ ਤੋਂ ਸਿਰਫ਼ 20 ਦਿਨ ਬਾਅਦ, ਲਾੜੀ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ ਸੀ। ਸ਼ਨੀਵਾਰ (15 ਨਵੰਬਰ 2025) ਨੂੰ, ਪਿੰਡ ਵਾਸੀਆਂ ਨੇ ਇਸ ਔਰਤ ਅਤੇ ਉਸਦੇ ਹੋਰ ਸਾਥੀਆਂ ਨੂੰ ਇੱਕ ਪੰਜਾਬ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਵਿੱਚ ਦੇਖਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮੁਲਜ਼ਮਾਂ ਨੂੰ ਫੜ ਲਿਆ ਗਿਆ।
5 ਦਿਨਾਂ ਦਾ ਪੁਲਸ ਰਿਮਾਂਡ
ਪੁਲਸ ਨੇ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ ਹੈ। ਕਾਂਗੜਾ ਦੇ ਡੀਐਸਪੀ, ਅੰਕਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਕੀਤੀ ਜਾਵੇਗੀ ਅਤੇ ਚੋਰੀ ਹੋਏ ਗਹਿਣੇ ਤੇ ਹੋਰ ਸਮਾਨ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਐਸਪੀ ਸ਼ਰਮਾ ਨੇ ਇਹ ਵੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਗਿਰੋਹ ਪਹਿਲਾਂ ਵੀ ਹੋਰ ਪਰਿਵਾਰਾਂ ਨਾਲ ਧੋਖਾਧੜੀ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਪਰ ਜੇਕਰ ਕਿਸੇ ਹੋਰ ਨੂੰ ਵੀ ਲੁੱਟਿਆ ਗਿਆ ਹੈ, ਤਾਂ ਉਨ੍ਹਾਂ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਸ ਗਿਰੋਹ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਤੇਜਸਵੀ ਯਾਦਵ ਫਿਰ ਬਣੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਮੀਟਿੰਗ 'ਚ ਹਾਰ ਦੇ ਇਹ ਕਾਰਨ ਆਏ ਸਾਹਮਣੇ
NEXT STORY