ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੈਂ ਅਜਿਹੇ ਸਮੇਂ ’ਚ ਫਰਾਂਸ ਆਇਆ ਹਾਂ, ਜਦੋਂ ਕੁਝ ਦਿਨ ਪਹਿਲਾਂ ਹੀ ਸਾਡੀ ਪਾਰਟਨਰਸ਼ਿਪ ਦੇ 12 ਸਾਲ ਪੂਰੇ ਹੋਏ ਹਨ। 12 ਸਾਲ ਤੱਕ ਦੇਸ਼ ਦੀ ਸੇਵਾ ਕਰਨਾ ਮੇਰੇ ਜੀਵਨ ਦਾ ਬਹੁਤ ਵੱਡਾ ਸੁਭਾਗ ਰਿਹਾ ਹੈ। ਇਹ ਭਾਰਤ ਦੇ ਲੋਕਤੰਤਰ ਦੀ ਸ਼ਕਤੀ ਹੈ, ਜਿਸ ਨੇ ਇਕ ਚਾਹ ਵਾਲੇ ਨੂੰ ਇੱਥੋਂ ਤੱਕ ਪਹੁੰਚਾ ਦਿੱਤਾ। 25 ਕਰੋੜ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ। ਭਾਵ ਇਕ ਅਜਿਹੀ ਤਰੱਕੀ, ਜਿਸ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ। ਫਰਾਂਸ ’ਚ ਅੱਜ ਜਿੰਨੇ ਕੁੱਲ ਘਰ ਹਨ, ਉਸ ਤੋਂ ਵੱਧ ਘਰ ਅਸੀਂ ਭਾਰਤ ’ਚ ਲੋੜਵੰਦ ਲੋਕਾਂ ਲਈ ਬਣਾਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿਚ ਭਾਰਤ ਨੇ ਵੱਖ-ਵੱਖ ਖੇਤਰਾਂ ਵਿਚ ਕ੍ਰਾਂਤੀਕਾਰੀ ਬਦਲਾਅ ਦੇਖੇ ਹਨ। ਆਰਥਿਕ ਵਿਕਾਸ ਤੋਂ ਕਿਤੇ ਅੱਗੇ, ਭਾਰਤ ਦਾ ਸਫ਼ਰ ਲੋਕਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦਾ ਹੈ। ਇਹ ਭਾਰਤ ਦੀ ਯਾਤਰਾ ਦਾ ਇਕ ਫੈਸਲਾਕੁੰਨ ਦੌਰ ਹੈ, ਜਿਸ ਵਿਚ ਉਮੀਦਾਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਭਾਰਤ ਅਜਿਹੇ ਕਈ ਖੇਤਰਾਂ ਵਿਚ ਨਿਵੇਸ਼ ਕਰ ਰਿਹਾ ਹੈ ਜਿਨ੍ਹਾਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਗਤੀ, ਨਵੀਨਤਾ ਅਤੇ ਮੌਕੇ ਪੈਦਾ ਹੋਣਗੇ। ਇਸ ਤੋਂ ਪਹਿਲਾਂ ‘ਵੀਵਾਟੈੱਕ 2026’ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਤਕਨਾਲੋਜੀ ਦੇ ਲੋਕਤੰਤਰੀਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਉਦੋਂ ਹੀ ਪ੍ਰਗਤੀ ਦਾ ਸਾਧਨ ਬਣ ਸਕਦੀ ਹੈ ਜਦੋਂ ਇਹ ਸਾਰਿਆਂ ਲਈ ਆਸਾਨੀ ਨਾਲ ਉਪਲੱਬਧ ਹੋਵੇ ਅਤੇ ਭਾਰਤ ਲਈ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਮਤਲਬ ‘ਆਲ ਇਨਕਲੂਸਿਵ’ (ਸਰਵ-ਸਮਾਵੇਸ਼ੀ) ਹੋਣਾ ਹੈ।
ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਨੇ ਹਾਲ ਹੀ ਵਿਚ ਕੁਝ ਉੱਨਤ ਏ.ਆਈ. ਮਾਡਲਾਂ ਤੱਕ ਵਿਦੇਸ਼ੀ ਨਾਗਰਿਕਾਂ ਦੀ ਪਹੁੰਚ ’ਤੇ ਪਾਬੰਦੀ ਲਗਾਈ ਹੈ। ਤਕਨਾਲੋਜੀ ਪ੍ਰਗਤੀ ਉਦੋਂ ਹੀ ਲਿਆ ਸਕਦੀ ਹੈ ਜਦੋਂ ਇਸ ਦਾ ਲੋਕਤੰਤਰੀਕਰਨ ਹੋਵੇ। ਭਾਰਤ ਮੰਨਦਾ ਹੈ ਕਿ ਬਦਲਾਅ ਦੇ ਇਸ ਦੌਰ ਵਿਚ ਤਕਨਾਲੋਜੀ ਸਾਰਿਆਂ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਏ.ਆਈ. ਦੀ ਵਰਤੋਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਪਹੁੰਚ ਵਧਾਉਣ, ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਹੋਣੀ ਚਾਹੀਦੀ ਹੈ।
ਭਾਰਤ ਅਤੇ ਯੂਰਪ ਵਿਚਾਲੇ ਫਰਾਂਸ ਪੁਲ ਵਰਗਾ
ਮੋਦੀ ਨੇ ਕਿਹਾ ਕਿ ਫਰਾਂਸ ਇਕ ਅਹਿਮ ਪੁਲ ਦਾ ਕੰਮ ਕਰ ਰਿਹਾ ਹੈ ਜੋ ਭਾਰਤ ਅਤੇ ਯੂਰਪ ਦੇ ਟੈੱਕ ਈਕੋਸਿਸਟਮ ਨੂੰ ਨੇੜੇ ਲਿਆ ਰਿਹਾ ਹੈ। ਸਾਡੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਕਾਰਨ ਅੱਜ ਦੁਨੀਆ ਦੇ ਅੱਧੇ ਰੀਅਲ-ਟਾਈਮ ਡਿਜੀਟਲ ਟ੍ਰਾਂਜੈਕਸ਼ਨ ਭਾਰਤ ’ਚ ਹੁੰਦੇ ਹਨ। ਹੁਣ ਤੁਸੀਂ ਫਰਾਂਸ ’ਚ ਵੀ ਐਫਿਲ ਟਾਵਰ ਜਾਂ ਪੈਰਿਸ ਏਅਰਪੋਰਟ ’ਤੇ ਯੂ. ਪੀ. ਆਈ. ਦੀ ਵਰਤੋਂ ਕਰ ਸਕਦੇ ਹੋ। ਸਾਡੇ ਕੋਲ ਅਜਿਹੀਆਂ ਕਈ ਵਰਲਡ-ਕਲਾਸ ਡਿਜੀਟਲ ਪਬਲਿਕ ਗੁਡਸ ਦੀਆਂ ਉਦਾਹਰਣਾਂ ਹਨ। ਡਿਜੀਲਾਕਰ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਡਾਕੂਮੈਂਟ ਵਾਲੇਟਸ ’ਚੋਂ ਇਕ ਹੈ।
ਜੀ-7 ਸਿਖਰ ਸੰਮੇਲਨ ’ਚ ਬੋਲੇ PM ਮੋਦੀ, ਆਮ ਜਨਤਾ ਦੇ ਤਕਨੀਕੀ ਤੌਰ ’ਤੇ ਸਮਰੱਥ ਹੋਣ ਨਾਲ ਹੋਵੇਗੀ ਤਰੱਕੀ
NEXT STORY