ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ 26 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਪੱਧਰ ਦੀਆਂ ਸੰਸਦੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ।ਸੂਬੇ ਦੇ ਤਕਰੀਬਨ 44 ਲੱਖ ਵੋਟਰ ਵੱਖ-ਵੱਖ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈ਼ਸਲਾ ਕਰਨਗੇ।ਰਾਜ ਭਰ ਤੋਂ 740 ਉਮੀਦਵਾਰ ਵਿਧਾਨ ਸਭਾ ਲਈ ਅਤੇ 454 ਉਮੀਦਵਾਰ ਵਿਧਾਨ ਪਰਿਸ਼ਦ (ਉੱਪਰੀ ਸਦਨ)ਦੀਆਂ ਚੋਣਾਂ ਲਈ ਮੈਦਾਨ ਵਿੱਚ ਹਨ।ਰਾਜ ਵਿਧਾਨ ਸਭਾ ਦੀਆਂ 88 ਸੀਟਾਂ ਅਤੇ ਵਿਧਾਨ ਪਰਿਸ਼ਦ ਦੀਆਂ 40 ਸੀਟਾਂ ਲਈ ਹੋਣ ਜਾ ਰਹੀਆਂ ਚੋਣਾਂ ਦੇ ਨਤੀਜੇ ਸੂਬੇ ਦੀ ਬਣਨ ਵਾਲੀ 60ਵੀਂ ਸੰਸਦ ਦੀ ਰੂਪ ਰੇਖਾ ਤੈਅ ਕਰਨਗੇ।
ਚੋਣ ਕਮਿਸ਼ਨ ਵੱਲੋਂ ਰਾਜ ਭਰ ਵਿੱਚ ਵਿਧਾਨ ਸਭਾ ਚੋਣਾਂ ਲਈ 88 ਚੋਣ ਜ਼ਿਲ੍ਹੇ ਨਿਰਧਾਰਤ ਕੀਤੇ ਗਏ ਹਨ ਤੇ ਹਰ ਜ਼ਿਲ੍ਹੇ ਵਿੱਚ ਔਸਤਨ 49 ਹਜ਼ਾਰ ਵੋਟਰ ਆਪਣੇ ਮੱਤ ਦਾ ਉਪਯੋਗ ਕਰਨਗੇ।ਇਸ ਤੋਂ ਇਲਾਵਾ ਵਿਧਾਨ ਪਰਿਸ਼ਦ ਚੋਣਾਂ ਲਈ ਵਿਕਟੋਰੀਆ ਰਾਜ ਨੂੰ ਅੱਠ ਚੋਣ ਖੇਤਰਾਂ ਵੰਡਿਆਂ ਗਿਆ ਹੈ ਤੇ ਹਰ ਚੋਣ ਖੇਤਰ ਵਿੱਚ ਵੋਟਰ ਸੰਖਿਆ ਤਕਰੀਬਨ ਸਾਢੇ 5 ਲੱਖ ਹੈ।ਚੋਣ ਕਮਿਸ਼ਨ ਵੱਲੋਂ ਵੋਟਰਾਂ ਲਈ 14 ਨਵੰਬਰ ਤੋਂ 'ਪ੍ਰੀ ਵੋਟਿੰਗ' ਦੀ ਸਹੂਲਤ ਚਾਲੂ ਕਰ ਦਿੱਤੀ ਗਈ ਹੈ। 26 ਨਵੰਬਰ ਨੂੰ ਸੂਬੇ ਭਰ ਵਿੱਚ 1700 ਮੱਤਦਾਨ ਕੇਂਦਰਾਂ 'ਤੇ ਵੋਟਰ ਆਪਣੇ ਮੱਤ ਦਾ ਇਸਤੇਮਾਲ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ
ਵਿਕਟੋਰੀਆ ਸੂਬੇ ਦੀ ਮੌਜੂਦਾ ਹੁਕਮਰਾਨ ਲੇਬਰ ਪਾਰਟੀ ਦੇ ਪ੍ਰੀਮੀਅਰ ਡੈਨੀਅਲ ਐਂਡਰੀਓ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਬਣੇ ਰਹਿਣ ਲਈ ਜਨਤਾ ਅੱਗੇ ਕੀਤੇ ਵਿਕਾਸ ਕੰਮਾਂ ਦੀ ਪ੍ਰੋੜਤਾ ਕਰ ਰਹੇ ਹਨ ਜਦਕਿ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਨੇਤਾ ਮੈਥਿਊ ਗਾਏ ਚੋਣ ਵਾਅਦਿਆਂ ਨਾਲ ਦੁਬਾਰਾ ਸੱਤਾ ਹਾਸਲ ਕਰਨ ਲਈ ਯਤਨਸ਼ੀਲ ਹਨ।ਸੂਬੇ ਵਿੱਚ ਪੰਜਾਬੀ ਭਾਈਚਾਰੇ ਦੀ ਵੱਧ ਰਹੀ ਆਬਾਦੀ ਤੇ ਸਰਗਰਮੀਆਂ ਦੇ ਮੱਦੇਨਜ਼ਰ ਪ੍ਰਮੁੱਖ ਰਾਜਨੀਤਕ ਪਾਰਟੀਆਂ ਵੱਲੋਂ ਭਾਰਤੀ ਮੂਲ਼ ਦੇ ਉਮੀਦਵਾਰਾਂ ਤੋਂ ਇਲਾਵਾ ਪੰਜਾਬੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਲੇਬਰ ਪਾਰਟੀ ਵਲੋਂ ਰੋਅਵਿੱਲ ਇਲਾਕੇ ਤੋਂ ਮੈਨੀ ਕੌਰ ਵਰਮਾ,ਲਿਬਰਲ ਪਾਰਟੀ ਵੱਲੋਂ ਥਾਮਸਟਾਊਨ ਹਲਕੇ ਤੋਂ ਗੁਰਦਾਵਰ ਸਿੰਘ,ਕਰੇਨਬਰਨ ਤੋਂ ਜਗਦੀਪ ਸਿੰਘ, ਕਲਕਾਲੋ ਤੋਂ ਬਿਕਰਮ ਸਿੰਘ, ਟਾਰਨੇਟ ਤੋਂ ਪ੍ਰੀਤ ਸਿੰਘ ਚੋਣ ਲੜ ਰਹੇ ਹਨ। ਨਿਊ ਡੈਮੋਕਰੈਟਸ ਪਾਰਟੀ ਵੱਲੋਂ ਕਲਕਾਲੋ ਤੋਂ ਸਮਾਇਲੀ ਸੰਧੂ, ਮੈਲਟਨ ਤੋਂ ਜਸਲੀਨ ਕੌਰ,ਉੱਪਰੀ ਸਦਨ ਲਈ ਯੋਗੇਸ਼ ਮਲਹੋਤਰਾ ,ਕੌਸ਼ਲਿਆ ਵਾਗੇਲਾ ਸਮੇਤ ਭਾਰਤੀ ਮੂਲ ਦੇ ਤਕਰੀਬਨ 30 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹਨਾਂ ਚੋਣਾਂ ਵਿੱਚ ਕੁਝ ਭਾਰਤੀ ਮੂਲ ਦੇ ਉਮੀਦਵਾਰ ਆਜ਼ਾਦਾਨਾ ਤੌਰ 'ਤੇ ਵੀ ਕਿਸਮਤ ਅਜ਼ਮਾ ਰਹੇ ਹਨ।ਆਸਟ੍ਰੇਲੀਆ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਲੇਬਰ,ਲਿਬਰਲ ਅਤੇ ਗਰੀਨਜ਼ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕਈ ਤਰਾਂ ਦੇ ਐਲਾਨ ਕੀਤੇ ਗਏ ਹਨ ਪਰ ਇਹ ਵਾਅਦੇ ਕਿੰਨੇ ਕੁ ਵਫਾ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ।ਫਿਲਹਾਲ ਵਿਕਟੋਰੀਆ ਵਿੱਚ ਚੋਣਾਂ ਦੇ ਮੌਸਮ ਦੌਰਾਨ ਕਿਆਸ ਅਰਾਈਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ
NEXT STORY